1.15 ਲੱਖ ਦੀ ਜਾਅਲੀ ਕਰੰਸੀ ਸਣੇ ਫੋਟੋਗ੍ਰਾਫਰ ਗ੍ਰਿਫ਼ਤਾਰ, 1 ਫਰਾਰ

07/24/2017 4:20:30 AM

ਬਠਿੰਡਾ,   (ਸੁਖਵਿੰਦਰ)-   ਸੀ. ਸੀ. ਆਈ. ਏ-2 ਵੱਲੋਂ ਜਾਅਲੀ ਕਰੰਸੀ ਤਿਆਰ ਕਰ ਕੇ ਸਪਲਾਈ ਕਰਨ ਵਾਲੇ 2 ਵਿਅਕਤੀਆਂ ਖਿਲਾਫ਼ ਥਾਣਾ ਮੌੜ ਵਿਖੇ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਦੂਸਰਾ ਵਿਅਕਤੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਪੁਲਸ ਨੇ ਜਾਅਲੀ ਕਰੰਸੀ ਅਤੇ ਇਕ ਕਲਰ ਪਿੰ੍ਰਟਰ ਵੀ ਬਰਾਮਦ ਕੀਤਾ ਹੈ। 
ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਸਿੰਘ (27) ਵਾਸੀ ਪਿੰਡ ਭੂੰਦੜ ਘਰ 'ਚ ਜਾਅਲੀ ਕਰੰਸੀ ਤਿਆਰ ਕਰਦਾ ਹੈ ਤੇ ਮਨਪ੍ਰੀਤ ਸਿੰਘ ਵਾਸੀ ਮਾਨਸਾ ਕਲਾਂ ਉਕਤ ਤਿਆਰ ਕੀਤੀ ਜਾਅਲੀ ਕਰੰਸੀ ਨੂੰ ਅੱਗੇ ਅਸਲ ਕਰੰਸੀ ਦੱਸ ਕੇ ਵੇਚਣ ਦਾ ਕੰਮ ਕਰਦਾ ਹੈ। ਸ਼ਨੀਵਾਰ ਨੂੰ ਸੀ. ਆਈ. ਏ-2 ਦੇ ਇੰਚਾਰਜ ਤਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਵਿਅਕਤੀ ਮੌੜ ਮੰਡੀ ਵਿਖੇ ਲਾਟਰੀ ਮਾਰਕੀਟ 'ਚ ਜਾਅਲੀ ਕਰੰਸੀ ਦੇਣ ਲਈ ਘੁੰਮ ਰਹੇ ਹਨ। ਪੁਲਸ ਵੱਲੋਂ ਯੋਜਨਾ ਤਹਿਤ ਐੱਸ. ਆਈ. ਗੁਰਿੰਦਰ ਸਿੰਘ ਨੂੰ ਜਾਅਲੀ ਕਰੰਸੀ ਲੈਣ ਲਈ ਰਣਜੀਤ ਸਿੰਘ ਕੋਲ ਦੁਕਾਨ 'ਤੇ ਭੇਜਿਆ ਗਿਆ। ਇਸ ਦੌਰਾਨ ਰਣਜੀਤ ਸਿੰਘ ਵੱਲੋਂ ਗੁਰਿੰਦਰ ਸਿੰਘ ਨੂੰ ਜਾਅਲੀ ਕਰੰਸੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਮਨਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮ ਕੋਲੋਂ 2 ਹਜ਼ਾਰ ਰੁਪਏ ਦੇ 55 ਨੋਟ ਅਤੇ 100 ਰੁਪਏ ਦੇ 56 ਜਾਅਲੀ ਨੋਟ (1,15,600)  ਬਰਾਮਦ ਕੀਤੇ ਗਏ ਹਨ। 
ਇਸ ਤੋਂ ਇਲਾਵਾ ਉਸ ਕੋਲੋਂ 4 ਨੋਟ 2000 ਹਜ਼ਾਰ ਅਤੇ 12 ਨੋਟ 100 ਦੇ ਬਰਾਮਦ ਕੀਤੇ ਹਨ, ਜੋ ਇਕ ਸਾਈਡ ਤੋਂ ਪਿੰ੍ਰਟ ਕੀਤੇ ਹੋਏ ਸਨ। ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਉਸ ਦੇ ਠਿਕਾਣੇ ਤੋਂ ਇਕ ਕਲਰ ਪ੍ਰਿੰਟਰ ਵੀ ਬਰਾਮਦ ਕੀਤਾ ਗਿਆ। ਤਰਜਿੰਦਰ ਸਿੰਘ ਨੇ ਦੱਸਿਆ ਕਿ  ਦੋਵਾਂ ਮੁਲਜ਼ਮਾਂ ਖਿਲਾਫ਼ ਥਾਣਾ ਮੌੜ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਰਣਜੀਤ ਸਿੰਘ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋ ਸਕਦੇ ਹਨ।
40 ਹਜ਼ਾਰ ਬਦਲੇ ਦਿੰਦੇ ਸਨ 1 ਲੱਖ
ਮੁਲਜ਼ਮ ਭੂੰਦੜ ਵਿਖੇ ਆਪਣੇ ਘਰ ਵਿਚ ਹੀ ਜਾਅਲੀ ਕਰੰਸੀ ਤਿਆਰ ਕਰਨ ਦਾ ਕੰਮ ਕਰਦੇ ਸਨ। ਇਸ ਤੋਂ ਬਾਅਦ ਉਹ ਗਾਹਕਾਂ ਨੂੰ 40 ਹਜ਼ਾਰ ਦੇ ਅਸਲੀ ਨੋਟਾਂ ਬਦਲੇ 1 ਲੱਖ ਰੁਪਏ ਦੇ ਨਕਲੀ ਨੋਟ ਦਿੰਦੇ ਸਨ। ਮਨਪ੍ਰੀਤ ਸਿੰਘ ਖੁਦ ਵੀ ਮਾਰਕੀਟ ਵਿਚ ਜਾਅਲੀ ਕਰੰਸੀ ਸਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਖੁਦ ਜਾਅਲੀ ਕਰੰਸੀ ਨੂੰ ਅਸਲੀ ਦੱਸ ਕੇ ਬਾਜ਼ਾਰ ਅਤੇ ਹੋਰਨਾਂ ਥਾਵਾਂ 'ਤੇ ਚਲਾਉਂਦਾ ਸੀ। ਸੂਤਰਾਂ ਮੁਤਾਬਿਕ ਉਕਤ ਵਿਅਕਤੀ ਲੰਮੇ ਸਮੇਂ ਤੋਂ ਉਕਤ ਕਾਰੋਬਾਰ ਚਲਾ ਰਹੇ ਸਨ।
ਫੋਟੋਗ੍ਰਾਫੀ ਦੀ ਚਲਾਉਂਦਾ ਸੀ ਦੁਕਾਨ
ਰਣਜੀਤ ਸਿੰਘ ਬਾਰ੍ਹਵੀਂ ਕਲਾਸ ਤੱਕ ਪੜ੍ਹਿਆ ਹੋਇਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਉਹ ਪਿੰਡ ਭੂੰਦੜ ਵਿਖੇ ਫੋਟੋਗ੍ਰਾਫਰ ਵਜੋਂ ਦੁਕਾਨ ਕਰਦਾ ਸੀ। ਫੋਟੋਗ੍ਰਾਫੀ ਦੀ ਮਹਾਰਤ ਹਾਸਲ ਹੋਣ ਕਾਰਨ ਹੀ ਉਸ ਵੱਲੋਂ ਘਰ ਵਿਚ ਕਲਰ ਪਿੰ੍ਰਟਰ ਰਾਹੀਂ ਜਾਅਲੀ ਕਰੰਸੀ ਤਿਆਰ ਕਰ ਕੇ ਮਨਪ੍ਰੀਤ ਨੂੰ ਦਿੱਤੀ ਜਾਂਦੀ ਸੀ, ਜੋ ਅੱਗੇ ਮਾਰਕੀਟ ਵਿਚ ਵੇਚਦਾ ਸੀ।