‘SGPC ਨੂੰ ਆਪਣੀ ਗਲਤੀ ਦਾ ਖਾਮਿਆਜਾ ਭੁਗਤਨਾ ਪਵੇਗਾ’

04/06/2021 3:25:44 AM

ਅੰਮ੍ਰਿਤਸਰ, (ਸਰਬਜੀਤ)- ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਅਤੇ ਬਰਗਾੜੀ ਕਾਂਡ ਦੀ ਜਾਂਚ ਕਰ ਕੇ ਸੱਚ ਨੂੰ ਉਜਾਗਰ ਕਰਨ ਵਾਲੇ ਐੱਸ. ਆਈ. ਟੀ. ਦੇ ਗੈਰ ਸਿੱਖ ਆਈ. ਪੀ. ਐੱਸ. ਅਧਿਕਾਰੀ ਆਈ. ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਨਤਮਸਤਕ ਹੋਣ ਦੌਰਾਨ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਨਿਵਾਜਣ ਵਾਲੇ ਮੈਨੇਜਰ ਹਰਪ੍ਰੀਤ ਸਿੰਘ ਤੇ ਹੋਰ ਦੋ ਮੁਲਾਜ਼ਮਾਂ ਦੀ ਬਦਲੀ ਨੂੰ ਲੈ ਕੇ ਸਰਬੱਤ ਖਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੰਮੇ ਹੱਥੀ ਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਗਲਤੀ ਦਾ ਖਮਿਆਜਾ ਭੁਗਤਣਾ ਪਵੇਗਾ। 

ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਸਮੁੱਚੇ ਕਾਂਡ ਦੇ ਮੁੱਖ ਦੋਸ਼ੀ ਬਰਖਾਸਤ ਆਈ. ਜੀ. ਪਰਮਰਾਜ ਸਿੰਘ ਉਮਰਾ ਨੰਗਲ ਨੂੰ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕਰਨਾ ਸਮੁੱਚੇ ਸਿੱਖ ਪੰਥ ਦੇ ਹਿਰਦਿਆਂ ਨੂੰ ਵਲੂੰਧਰਣ ਦੇ ਬਰਾਬਰ ਹੈ। 

ਉਨ੍ਹਾਂ ਕਿਹਾ ਕਿ ਪੰਥ ਦੋਖੀਆਂ ਦੀ ਇੰਨੀ ਵੱਡੀ ਨਾਇਨਸਾਫੀ ਨੂੰ ਦੇਸ਼ ਵਿਦੇਸ਼ ਦਾ ਸਿੱਖ ਭਾਈਚਾਰਾ ਕਦੇ ਵੀ ਸਹਿਣ ਨਹੀਂ ਕਰੇਗਾ।
 
ਜਦੋਂ ਕਿ ਆਈ. ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੱਕ ਗੈਰ ਸਿੱਖ ਅਫਸਰ ਹੁੰਦੇ ਹੋਏ ਵੀ ਉਹ ਕਾਰਜ ਕਰ ਕੇ ਦਿਖਾਇਆ ਹੈ ਜਿਸ ਨੂੰ ਕੋਈ ਸਿੱਖ ਅਫਸਰ ਕਦੇ ਵੀ ਸਫਲਤਾ ਪੂਰਵਕ ਸਿਰੇ ਨਹੀਂ ਚੜ੍ਹਾ ਸਕਦਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਪੁਲਸ ਅਫਸਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਨਿਵਾਜਣ ਵਾਲੇ ਗੁਰੂ ਘਰ ਦੇ ਸੇਵਕਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹਾ ਵਿਤਕਰਾ ਕਰਨਾ ਕਿ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੱਥ ਖਿਡਾਉਣਾ ਬਣ ਕੇ ਰਹਿ ਗਈ ਹੈ।


Bharat Thapa

Content Editor

Related News