ਮਹਿੰਗੀ ਬਿਜਲੀ ਖਿਲਾਫ਼ 7 ਜਨਵਰੀ ਨੂੰ ਕੈਪਟਨ ਦਾ ਘਰ ਘੇਰੇਗੀ ‘ਆਪ’

12/27/2019 8:16:32 PM

ਚੰਡੀਗਡ਼੍ਹ (ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅਤੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ (ਗੁਰਮੀਤ ਸਿੰਘ) ਨੇ ਸਰਕਾਰ ਵੱਲੋਂ ਪੰਜਾਬ ਵਿਚ ਬਿਜਲੀ ਦਰਾਂ ਵਧਾਉਣ ਦੇ ਫ਼ੈਸਲੇ ਨੂੰ ਲੈ ਕੇ 7 ਜਨਵਰੀ ਨੂੰ ਚੰਡੀਗਡ਼੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਉਪਰੋਂ ਪੰਜਾਬ ਸਰਕਾਰ ਵਲੋਂ ਬਿਜਲੀ ਦੀਆਂ ਦਰਾਂ ਵਿਚ 36 ਪੈਸੇ ਪ੍ਰਤੀ ਯੂਨਿਟ ਇਕ ਜਨਵਰੀ ਤੋਂ ਵਧਾਉਣ ਦਾ ਕੀਤਾ ਫ਼ੈਸਲਾ ਪੰਜਾਬ ਦੀ ਜਨਤਾ ਦਾ ਕਚੂਮਰ ਕੱਢ ਕੇ ਰੱਖ ਦੇਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਤੋਂ ਹੀ ਬਿਜਲੀ ਦੀਆਂ ਦਰਾਂ ਪੂਰੇ ਦੇਸ਼ ਨਾਲੋਂ ਜ਼ਿਆਦਾ ਹਨ, ਜਦਕਿ ਪੰਜਾਬ ਬਿਜਲੀ ਉਤਪਾਦਨ ਵਿਚ ਸਰਪਲੱਸ ਸੂਬਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਜੋ ਕਿ ਇਕ ਯੂਨਿਟ ਬਿਜਲੀ ਪੈਦਾ ਨਹੀਂ ਕਰਦੀ ਪਰ ਉੱਥੇ ਕੇਜਰੀਵਾਲ ਸਰਕਾਰ ਹੋਣ ਕਰਕੇ 22 ਲੱਖ ਪਰਿਵਾਰਾਂ ਦਾ ਬਿਜਲੀ ਦਾ ਬਿਲ ਜ਼ੀਰੋ ਆ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪੰਜਾਬ ਵਿਚ ਚੱਲਦੇ 3 ਪ੍ਰਾਈਵੇਟ ਪਲਾਂਟਾਂ ਵਿਚੋਂ 2 ਨੂੰ 1424 ਕਰੋਡ਼ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ ਅਤੇ ਇਸ ਦੀ ਭਰਪਾਈ ਸਰਕਾਰ ਲੋਕਾਂ ਤੋਂ ਇਕ ਜਨਵਰੀ ਨੂੰ 36 ਪੈਸੇ ਪ੍ਰਤੀ ਯੁਨਿਟ ਵਧਾ ਕੇ ਪਾ ਰਹੀ ਹੈ, ਜਿਸ ਨੂੰ ਕਿ ਆਮ ਆਦਮੀ ਪਾਰਟੀ ਸਹਿਣ ਨਹੀਂ ਕਰੇਗੀ। ਜੇਕਰ 1 ਜਨਵਰੀ ਨੂੰ ਪੰਜਾਬ ਸਰਕਾਰ ਨੇ ਬਿਜਲੀ ਦਰ ਵਧਾਉਣ ਦਾ ਫ਼ੈਸਲਾ ਲਾਗੂ ਕੀਤਾ ਤਾਂ 7 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਚੰਡੀਗਡ਼੍ਹ ਵਿਖੇ ਘਿਰਾਓ ਕੀਤਾ ਜਾਵੇਗਾ।


Sunny Mehra

Content Editor

Related News