ਹਲਕਾ ਸਨੌਰ ਦੇ ਵਿਧਾਇਕ ਲਾਲ ਸਿੰਘ ਦਾ ਰਿਪੋਰਟ ਕਾਰਡ

01/09/2017 3:01:03 PM

ਪਟਿਆਲਾ— ਕਾਂਗਰਸ ਦੇ ਵਿਧਾਇਕ ਲਾਲ ਸਿੰਘ ਨੇ ਸਾਲ 2012 ਦੀਆਂ ਚੋਣਾਂ ''ਚ ਉਹ ਆਪਣੇ ਨੇੜੇ ਦੇ ਵਿਰੋਧੀ ਨੂੰ 3907 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। 
ਵਿਧਾਇਕ ਦਾ ਦਾਅਵਾ
ਵਿਧਾਇਕ ਲਾਲ ਸਿੰਘ ਦਾ ਕਹਿਣਾ ਹੈ ਕਿ 2002 ਤੋਂ 2007 ਤੱਕ ਕਾਂਗਰਸ ਸਰਕਾਰ ਸਮੇਂ ਹਲਕੇ ''ਚ 500 ਕਰੋੜ ਤੋਂ ਵੱਧ ਦੇ ਕੰਮ ਕਰਵਾਏ ਸਨ ਜਦਕਿ ਅਕਾਲੀ ਦਲ ਨੇ ਇਸ ਹਲਕੇ ''ਚ 500 ਕਰੋੜ ਰੁਪਏ ਦੇ ਕੰਮ ਵੀ ਨਹੀਂ ਕਰਵਾਏ, ਜਿਸ ਕਾਰਨ ਹਲਕੇ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ। ਇਸ ਹਲਕੇ ਦੀਆਂ ਦੋ ਪ੍ਰਮੁੱਖ ਸੜਕਾਂ ਪਟਿਆਲਾ ਪਿਹੋਵਾ ਰੋਡ, ਪਟਿਆਲਾ ਗੁਹਲਾ ਚੀਕਾ ਰੋਡ ''ਚ 3-3 ਫੁੱਟ ਦੇ ਖੱਡੇ ਪਏ ਹੋਏ ਹਨ। ਲੋਕ ਧਰਨਾ ਲਗਾ ਰਹੇ ਹਨ। ਪਿੰਡਾਂ ਦੀਆਂ ਲਿੰਕ ਸੜਕਾਂ ਦਾ ਵੀ ਹਾਲ ਮਾੜਾ ਹੈ। ਜੋ ਕੰਮ ਕਾਂਗਰਸ ਸਰਕਾਰ ਵਲੋਂ ਕਰਵਾਏ ਗਏ ਹਨ, ਬਾਦਲ ਸਰਕਾਰ ਉਨ੍ਹਾਂ ਨੂੰ ਸੰਭਾਲ ਵੀ ਨਹੀਂ ਸਕੀ। ਸਾਰੇ ਇਲਾਕੇ ਨੂੰ 24 ਘੰਟੇ ਬਿਜਲੀ ਸਪਲਾਈ ਅਤੇ ਪਾਣੀ ਦੀ ਟੈਂਕੀਆਂ ਕਾਂਗਰਸ ਸਰਕਾਰ ਸਮੇਂ ਮੁਹੱਈਆ ਕਰਵਾਈਆਂ ਗਈਆਂ। ਕਾਂਗਰਸ ਦੇ ਸਮੇਂ ਹਰ ਪਿੰਡ ਦੀ ਸੜਕ ਬਣਾਈ ਗਈ। 
ਵਾਅਦੇ ਜੋ ਕੀਤੇ
1 ਇਲਾਕੇ ਦੀਆਂ ਸੜਕਾਂ ਦਾ ਨਿਰਮਾਣ ਕਰਨਾ।
2 ਪਿੰਡਾਂ ਦੀਆਂ ਲੜਕੀਆਂ ਨੂੰ ਪਿੰਡਾਂ ''ਚ ਹੀ ਉੱਚ ਸਿੱਖਿਆ ਮੁਹੱਈਆ ਕਰਵਾਉਣ ਲਈ ਕਾਲਜ ਖੋਲ੍ਹਣੇ।
3 ਤਕਨੀਕੀ ਸਿੱਖਿਆ ਦੇਣ ਲਈ ਆਈ. ਟੀ. ਆਈ. ਅਤੇ ਪਾਲੀਟੈਕਨੀਕਲ ਕਾਲਜ ਖੋਲ੍ਹਣੇ। 
4 ਨੌਜਵਾਨਾਂ ਦੇ ਰੋਜ਼ਗਾਰ ਲਈ ਇੰਡਸਟਰੀ ਸਥਾਪਤ ਕਰਨੀ। 
5 ਸਨੌਰ ਦੀ ਡਿਸਪੈਂਸਰੀ ਨੂੰ ਹਸਪਤਾਲ ਦਾ ਦਰਜਾ ਦੇਣਾ।
6 ਹਲਕੇ ਨੂੰ ਘੱਗਰ ਅਤੇ ਹੋਰ ਨਦੀਆਂ ਤੋਂ ਬਚਾਉਣਾ। 
 
ਕਿੰਨੇ ਵਫਾ ਹੋਏ 
ਅਕਾਲੀ ਭਾਜਪਾ ਸਰਕਾਰ ਨੇ ਸਾਢੇ 9 ਸਾਲਾਂ ਦੌਰਾਨ ਹਲਕਾ ਸਨੌਰ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ''ਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੁਧਨਸਾਧਾਂ ਨੂੰ ਸਭ ਡਿਵੀਜ਼ਨ ਬਣਾਉਣ ਦਾ ਐਲਾਨ ਕਰਕੇ ਇਕ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ ਮੀਰਾਂਪੁਰ ''ਚ ਪੰਜਾਬੀ ਯੂਨੀਵਰਸਿਟੀ ਕਾਂਸੀਚਿਊਟ ਕਾਲਜ ਵੀ ਖੋਲ੍ਹਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਵਾਅਦੇ ਅਜੇ ਵੀ ਹਵਾ ''ਚ ਹਨ। ਮੁੱਖ ਸੜਕਾਂ ਸਮੇਤ ਲਿੰਕ ਸੜਕਾਂ ''ਚ 2-2 ਫੁੱਟ ਦੇ ਖੱਡੇ ਪਏ ਹੋਏ ਹਨ। ਲੜਕੀਆਂ ਦੇ ਨਾਲ ਕੋਈ ਕਾਲਜ ਨਹੀਂ ਖੋਲ੍ਹਿਆ ਗਿਆ। ਸਾਢੇ 9 ਸਾਲÎਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਹਲਕੇ ਨੂੰ ਹੜ੍ਹ ਤੋਂ ਬਚਾਉਣ ਲਈ ਕੋਈ ਕੰਮ ਨਹੀਂ ਕੀਤਾ। 
 
ਦਾਅਵਿਦਆਂ ਦੀ ਹਕੀਕਤ 
ਪਿਛਲੇ ਸਾਢੇ 9 ਸਾਲਾਂ ਦੌਰਾਨ ਹਲਕੇ ''ਚ ਪੈਂਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਕਾਫੀ ਖਰਾਬ ਬਣੀ ਹੋਈ ਹੈ। ਹਲਕੇ ਦੀਆਂ ਦੋ ਮੁੱਖ ਸੜਕਾਂ ਗੁਹਲਾ ਚੀਕਾ ਰੋਡ ਅਤੇ ਪਟਿਆਲਾ ਪਿਹੋਵਾ ਰੋਡ ਧਰਨੇ ਲਗਾਉਣ ਦੇ ਬਾਵਜੂਦ ਵੀ ਨਹੀਂ ਬਣੀਆਂ। ਪਿੰਡਾਂ ''ਚ ਬੇਰੋਜ਼ਗਾਰੀ ਦੂਰ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਗਏ। 
 
ਅਕਾਲੀ ਦਲ ਦੇ ਉਮੀਦਵਾਰ ਦਾ ਦਾਅਵਾ 
ਹਲਕਾ ਸਨੌਰ ਦੇ ਅਕਾਲੀ ਦਲ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦਾਅਵਾ ਕੀਤਾ ਕਿ ਹਲਕੇ ''ਚ 500 ਕਰੋੜ ਤੋਂ ਵੱਧ ਦੇ ਵਿਕਾਸ ਕਰਵਾਏ ਗਏ। ਜਿਨ੍ਹਾਂ ''ਚ ਹਲਕੇ ਦੀ ਲਾਈਫ ਮੰਨੀ ਜਾਣ ਵਾਲੀ ਪਟਿਆਲਾ ਦੇਵੀਗੜ ਅਤੇ ਪਟਿਆਲਾ ਚੀਕਾ ਰੋਡ ਨੂੰ ਨੈਸ਼ਨਲ ਹਾਈਵੇਅ ਬਣਾਇਆ। ਹਲਕਾ ਸਨੌਰ ਲਈ 100 ਕਰੋੜ ਰੁਪਏ ਸਿੰਚਾਈ ਸਿਸਟਮ ਲਈ ਮਨਜ਼ੂਰ ਕਰਵਾਏ ਗਏ। ਬੀ. ਡੀ. ਪੀ. ਓ. ਦਫਤਰ ਭੁਨਰਹੇੜੀ ਨੂੰ ਪਟਿਆਲਾ ਤੋਂ ਭੁਨਰਹੇੜੀ ਸ਼ਿਫਟ ਕੀਤਾ ਗਿਆ। ਹਲਕੇ ਦੀਆਂ ਸੜਕਾਂ ''ਤੇ 90 ਕਰੋੜ ਰੁਪਏ ਖਰਚ ਕੀਤੇ ਗਏ। ਪਿੰਡਾਂ ਦੇ ਵਿਕਾਸ ''ਤੇ ਪਿਛਲੇ 10 ਸਾਲਾਂ ਤੋਂ 400 ਕਰੋੜ ਤੋਂ ਵੱਧ ਖਰਚ ਕੀਤੇ। 22 ਹਜ਼ਾਰ ਲਾਭ ਪਾਤਰੀਆਂ ਨੂੰ ਵੱਖ-ਵੱਖ ਕਾਰਡ ਬਣਾ ਕੇ ਦਿੱਤੇ ਗਏ। ਘੱਗਰ ''ਤੇ ਚੈੱਕ ਡੈਮ ਬਣਾ ਕੇ ਘੱਗਰ ਦਾ ਪਾਣੀ ਸਿੰਚਾਈ ਲਈ ਇਸਤੇਮਾਲ ਕਰਨ ਦਾ ਪ੍ਰਾਜੈਕਟ ਕੇਂਦਰ ਤੋਂ ਮਨਜ਼ੂਰ ਕਰਵਾਇਆ ਅਤੇ ਹਲਕੇ ''ਚ ਸਕਿਲਡ ਸੈਂਟਰ ਸਥਾਪਤ ਕਰਵਾਏ ਗਏ। 
 
ਲੋਕਾਂ ਨੇ ਇੰਝ ਪ੍ਰਗਟਾਈ ਆਪਣੀ ਪ੍ਰਤੀਕਿਰਿਆ 
ਪਿਛਲੇ 10 ਸਾਲਾਂ ਦੌਰਾਨ ਸਨੌਰ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅੰਦਰੂਨੀ ਸ਼ਹਿਰ ''ਚ ਸੀਵਰੇਜ ਦਾ ਮਾੜਾ ਹਾਲ ਹੈ ਅਤੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।-ਰਵਿੰਦਰ ਕੌਸ਼ਲ, ਪੰਡਤਾ ਵਾਲੀ ਗਲੀ (ਸਨੌਰ) 
ਪਟਿਆਲਾ ਗੁਹਲਾ ਚੀਕਾ ਰੋਡ ਅਤੇ ਪਟਿਆਲਾ ਪਿਹੋਵਾ ਰੋਡ ਇਸ ਹਲਕੇ ਦੀਆਂ ਸਭ ਤੋਂ ਪ੍ਰਮੁੱਖ ਸੜਕਾਂ ਹਨ। ਪਿਛਲੇ 7 ਸਾਲਾਂ ਦੌਰਾਨ ਇਥੇ ਕਈ ਖੱਡੇ ਪਏ ਹਨ। ਸੜਕ ਦੀ ਮਾੜੀ ਹਾਲਤ ਰੋਜ਼ਾਨਾ ਹੀ ਸੜਕ ਹਾਦਸੇ ਹੋ ਰਹੇ ਹਨ। ਖੱਡਿਆਂ ਦੇ ਕਾਰਨ ਵਾਹਨ ਉਲਟ ਦਾਂਦੇ ਹਨ, ਜਿਸ ਕਾਰਨ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਹ ਇਲਾਕੇ ਦੀ ਬਹੁਤ ਵੱਡੀ ਸਮੱਸਿਆ ਹੈ।-ਹਰਬੰਸ ਸਿੰਘ ਪੱਪੀ, ਸਾਬਕਾ ਸਰਪੰਚ 
ਸਨੌਰ ਹਲਕੇ ਦੇ ਦੇਵੀਗੜ ਇਲਾਕੇ ਦੀ ਹਾਲਤ ਬੇਹੱਦ ਖਰਾਬ ਹੈ। ਇਲਾਕੇ ਨੂੰ ਹੜ੍ਹ ਤੋਂ ਛੁਟਕਾਰਾ ਦਿਵਾਉਣ ਲਈ ਕੋਈ ਵੀ ਕਦਮ ਨਹੀਂ ਚੁੱਕੇ ਗਏ।-ਰਾਜੇਸ਼ ਕੁਮਾਰ ਸ਼ਰਮਾ, ਪਿੰਡ ਦੇਵੀਗੜ ਛੰਨਾ 
ਸਨੌਰ ਹਲਕੇ ਦੇ ਸਕੂਲਾਂ ਅਤੇ ਹਸਪਤਾਲਾਂ ਦਾ ਮਾੜਾ ਹਾਲ ਹੈ। ਇਥੇ ਨਾ ਤਾਂ ਪੂਰੇ ਅਧਿਆਪਕ ਹਨ ਅਤੇ ਨਾ ਹੀ ਹਸਪਤਾਲਾਂ ਸਮੇਤ ਡਿਸਪੈਂਸਰੀਆਂ ''ਚ ਡਾਕਟਰ ਹਨ। ਉਂਝ ਤਾਂ ਹਲਕੇ ''ਚ ਕੋਈ ਹਸਪਤਾਲ ਨਹੀਂ ਹੈ ਜੋ ਡਿਸਪੈਂਸਰੀਆਂ ਹਨ, ਉਨ੍ਹਾਂ ''ਚ ਵੀ ਸਟਾਫ ਨਹੀਂ ਆਉਂਦਾ। ਇਸ ਵੱਲ ਸਰਕਾਰ ਨੇ ਕੋਈ ਵੀ ਧਿਆਨ ਨਾ ਦਿੱਤਾ।- ਚੰਦਰ ਦੱਤ ਸ਼ਰਮਾ, ਪਿੰਡ ਮੱਘਰ ਸਾਹਿਬ