ਵਿਧਾਨਸਭਾ ਹਲਕਾ ਪਟਿਆਲਾ(ਦਿਹਾਤੀ) ਸੀਟ ਦਾ ਇਤਿਹਾਸ

01/10/2017 11:34:58 AM

ਪਟਿਆਲਾ (ਰਾਜੇਸ਼) : 2009 ਤੋਂ ਬਾਅਦ ਨਵੀਂ ਹਲਕਾ ਬੰਦੀ ਦੇ ਦੌਰਾਨ ਵਿਧਾਨ ਸਭਾ ਹਲਕਾ ਪਟਿਆਲਾ ਦੇਹਾਤੀ ਦਾ ਜਨਮ ਹੋਇਆ। ਪਟਿਆਲਾ ਸ਼ਹਿਰ ਦੇ 22 ਵਾਰਡਾਂ ਅਤੇ ਨਾਲ ਲੱਗਦੇ 54 ਪਿੰਡਾਂ ਨੂੰ ਮਿਲਾ ਕੇ ਇਹ ਵਿਧਾਨ ਸਭਾ ਹਲਕਾ ਬਣਾਇਆ ਗਿਆ ਹੈ।

ਕੁੱਲ ਵੋਟਰ 1,96,909
ਮਰਦ 1,02,642
ਔਰਤਾਂ 94,267
ਸੀਟ ਦੀ ਮੁੱਖ ਵਿਸ਼ੇਸ਼ਤਾ
ਨਵੀਂ ਬਣੀ ਸੀਟ ਵਿਧਾਨਸਭਾ ਹਲਕਾ ਪਟਿਆਲਾ(ਦੇਹਾਤੀ) ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ''ਚ 3 ਯੂਨੀਵਰਸਿਟੀਆਂ, ਤਿੰਨ ਅਰਬਨ-ਅਸਟੇਟ, 54 ਪਿੰਡ ਅਤੇ ਪਟਿਆਲਾ ਸ਼ਹਿਰ ਦੇ 22 ਵਾਰਡ ਸ਼ਾਮਲ ਹਨ। ਇਹ ਸੈਮੀ ਅਰਬਨ ਵਿਧਾਨ ਸਭਾ ਹਲਕਾ ਹੈ। ਪੰਜਾਬੀ ਯੂਨੀਵਰਸਿਟੀ, ਰਾਜੀਵ ਗਾਂਧੀ ਨੈਸ਼ਨਲ ਲੱਾ ਯੂਨੀਵਰਸਿਟੀ, ਥਾਪਰ ਡੀਮਡ ਯੂਨੀਵਰਸਿਟੀ ਵੀ ਇਸੇ ਹਲਕੇ ਦੇ ਅਧੀਨ ਹੀ ਆਉਂਦੇ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਦਾ ਰੇਲਵੇ ਮੰਤਰਾਲੇ ਦਾ ਵੱਡਾ ਪ੍ਰੋਡਕਸ਼ਨ ਯੂਨਿਟ ਵੀ ਡੀ.ਐਮ.ਡਬਲਯੂ. ਪਟਿਆਲਾ ਦੇਹਾਤੀ ਹਲਕੇ ''ਚ ਹੀ ਪੈਂਦਾ ਹੈ, ਜਿਸ ''ਚ 80 ਫੀਸਦੀ ਕਰਮਚਾਰੀ ਦੂਸਰੇ ਸੂਬਿਆਂ ਤੋਂ ਹਨ। ਲਿਹਾਜ਼ਾ ਇਹ ਹਲਕਾ ਪੂਰੇ ਭਾਰਤ ਦੀ ਨੂਮਾਇੰਦਗੀ ਕਰਦਾ ਹੈ। ਇਸ ''ਚ ਪੜ੍ਹੇ-ਲਿਖੇ, ਮੱਧ-ਵਰਗੀ ਪਰਿਵਾਰ, ਅਨਪੜ੍ਹ, ਪੇਂਡੂ, ਸ਼ਹਿਰੀ ਸਮੇਤ ਹਰ ਤਰ੍ਹਾਂ ਦੇ ਵਰਗ ਦੀ ਵੋਟ ਸ਼ਾਮਲ ਹੈ।
ਪਟਿਆਲਾ ਦੇਹਾਤੀ ਹਲਕੇ ਦੀ ਇਕ ਵੱਡੀ ਵਿਸ਼ੇਸ਼ਤਾ ਹੈ ਕਿ ਅਕਾਲੀ ਰਾਜਨਿਤੀ ਦੇ ਭੀਸ਼ਮ ਪਿਤਾਮਾ ਰਹੇ ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਮੌਤ ਦੇ ਬਾਅਦ ਅਕਾਲੀ ਦਲ ਨੇ ਇਸ ਹਲਕੇ ਤੋਂ ਉਨ੍ਹਾਂ ਦੀ ਸਪੁੱਤਰੀ ਬੀਬੀ ਕੁਲਦੀਪ ਕੌਰ ਟੋਹੜਾ ਨੂੰ 2012 ''ਚ ਉਮੀਦਵਾਰ ਬਣਾਇਆ ਸੀ। ਉਸ ਸਮੇਂ ਐਡਵੋਕੇਟ ਸਤਬੀਰ ਸਿੰਘ ਖਟੜਾ ਨੇ ਅਕਾਲੀ ਦਲ ਨਾਲ ਬਗਾਵਤ ਕਰਕੇ ਆਜ਼ਾਦ ਚੁਣਾਵ ਲੜੇ ਸਨ, ਜਿਸ ਦੇ ਕਾਰਨ ਕੁਲਦੀਪ ਕੌਰ ਦੀ ਹਾਰ ਹੋ ਗਈ। ਹੁਣ ਅਕਾਲੀ ਦਲ ਨੇ ਟੋਹੜਾ ਪਰਿਵਾਰ ਦੀ ਟਿਕਟ ਕੱਟ ਕੇ ਏਡ. ਖੱਟੜਾ ਨੂੰ ਉਮੀਦਵਾਰ ਬਣਾ ਦਿੱਤਾ ਹੈ, ਜਿਸ ਦੇ ਕਾਰਨ ਟੋਹੜਾ ਪਰਿਵਾਰ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।
ਲੋਕਾਂ ਦੀ ਰਾਏ
ਪਿੱਛਲੇ 8-9 ਸਾਲਾਂ ਤੋਂ ਹਲਕੇ ''ਚ  ਪੈਂਦੇ ਐਸ.ਐਸ. ਟੀ ਨਗਰ ਦੀਆਂ ਸੜਕਾਂ ਦਾ ਹਾਲ ਬੁਰਾ ਸੀ। ਇਥੋਂ ਦੇ ਪਾਰਕਾਂ ਦੀ ਹਾਲਤ ਵੀ ਤਰਸਯੋਗ ਹੀ ਹੈ। ਤਕਰੀਬਨ ਡੇਢ ਮਹੀਨਾ ਪਹਿਲੇ ਐਸ.ਐਸ.ਟੀ. ਨਗਰ ਦੀਆਂ 2-3 ਮੁੱਖ ਸੜਕਾਂ ਬਣਾਈਆਂ ਗਈਆਂ ਹਨ ਪਰ ਪਾਰਕਾਂ ਦੀ ਹਾਲਤ ਅੱਜ ਵੀ ਮਾੜੀ ਹੀ ਹੈ।
ਦਰਸ਼ਨਾਂ ਸ਼ਰਮਾ, ਅਧਿਆਪਕ ਐਸ.ਐਸ.ਟੀ ਨਗਰ
ਸਾਡੇ ਇਲਾਕੇ ''ਚ ਸਫਾਈ ਦਾ ਬੁਰਾ ਹਾਲ ਹੈ। ਇੱਥੇ ਸਫਾਈ ਕਰਮਚਾਰੀਆਂ ਦੀ ਕਮੀ ਹੈ ਅਤੇ ਕਦੇ-ਕਦੇ ਹੀ ਸਫਾਈ ਕਰਮਚਾਰੀ ਆਉਂਦੇ ਹਨ। ਇਸ ਤੋਂ ਇਲਾਵਾ ਪਾਣੀ ਦੀ ਵੀ ਸਮੱਸਿਆ ਹੈ। ਗੰਦਗੀ ਇਸ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਕ ਪਾਸੇ ਸਰਕਾਰ ਸਵੱਛ ਭਾਰਤ ਅਭਿਆਨ ਚਲਾ ਰਹੀ ਹੈ ਅਤੇ ਦੂਸਰੇ ਪਾਸੇ ਗੰਦਗੀ ਦੇ ਢੇਰ ਲੱਗੇ ਹਨ।
ਨੀਲਮ ਸ਼ਰਮਾ, ਵਾਈਸ ਪ੍ਰਿਸੀਪਲ ਪ੍ਰਾਈਵੇਟ ਕਾਲਜ
ਸਾਡਾ ਸਾਰਾ ਇਲਾਕਾ ਛੋਟੀ ਨਦੀ ਦੀ ਮਾਰ ਦੇ ਥੱਲੇ ਆਉਂਦਾ ਹੈ। ਨਦੀ ਦੀ ਸਫਾਈ ਨਾ ਹੋਣ ਦੇ ਕਾਰਨ ਅਤੇ ਇਸ ਨੂੰ ਪੱਕਾ ਨਾ ਕਰਨ ਦੇ ਕਾਰਨ ਇਹ ਇਲਾਕਾ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਨਵਾਂ ਅਤੇ ਪੁਰਾਣਾ ਬਿਸ਼ਨ ਨਗਰ ਇਲਾਕੇ ਦੇ ਲੋਕ ਇਸ ਨਦੀ ਕਾਰਨ ਬਹੁਤ ਪਰੇਸ਼ਾਨ ਹੁੰਦੇ ਹਨ। ਨਦੀ ''ਚ ਗੰਦਗੀ ਦੇ ਕਾਰਨ ਪੈਦਾ ਹੋਣ ਵਾਲੀਆਂ ਗੈਸਾਂ ਕਾਰਨ ਲੋਕਾਂ ਦੇ ਟੀ.ਵੀ., ਫਰਿੱਜ ਅਤੇ ਏ.ਸੀ. ਬਹੁਤ ਹੀ ਜਲਦੀ ਖਰਾਬ ਹੋ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਪੱਕਾ ਕਰਕੇ ਇਸ ਦੀ ਸਫਾਈ ਅਤੇ ਸੁੰਦਰਤਾ ਲਈ ਕੰਮ ਕਰਨਾ ਚਾਹੀਦਾ ਹੈ।
ਸੁਮਨ ਜੈਨ
ਬੇਸ਼ੱਕ ਕੈ. ਅਮਰਿੰਦਰ ਸਿੰਘ ਪਟਿਆਲਾ ਦੇ ਮੁੱਖ ਮੰਤਰੀ ਰਹੇ ਅਤੇ ਪਿੱਛਲੇ ਕੁਝ ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਚਲ ਰਹੀ ਹੈ ਪਰ ਇਸ ਹਲਕੇ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਸ਼ਹਿਰ ਦੇ ਅੰਦਰ ਦੇ ਲੋਕਾਂ ਨੇ ਬਾਹਰ ਦੇ ਇਲਾਕੇ ''ਚ ਘਰ ਬਣਾਏ ਹਨ, ਜਿਸ ਕਾਰਨ ਉਨ੍ਹਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਪਰ ਅੱਜਕੱਲ ਬਾਹਰ ਦੇ ਇਲਾਕਿਆਂ ''ਚ ਵੀ ਟ੍ਰੈਫਿੱਕ ਦੀ ਬਹੁਤ ਸਮੱਸਿਆ ਹੈ। ਬਾਹਰ ਦੇ ਇਲਾਕਿਆਂ ''ਚ ਪਾਰਕ ਵਾਲੀ ਜ਼ਮੀਨ ''ਤੇ ਭੂ-ਮਾਫਿਆ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ਸਰਕਾਰ ਨੇ ਇਸ ਸਮੱਸਿਆ ਬਾਰੇ ਕੁਝ ਵੀ ਨਹੀਂ ਕੀਤਾ। ਸੜਕਾਂ ਜ਼ਰੂਰ ਬਣੀਆਂ ਹਨ ਪਰ ਇਸ ਦੇ ਇਲਾਵਾ ਕੁਝ ਵੀ ਨਹੀਂ ਕੀਤਾ।