ਵਿਧਾਨ ਸਭਾ ਹਲਕਾ ਧੂਰੀ ਤੋਂ ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਦਾ ਰਿਪੋਰਟ ਕਾਰਡ

01/06/2017 1:33:56 PM

ਧੂਰੀ : ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਸਾਲ 2015 ਵਿਚ ਹੋਈ ਜ਼ਿਮਨੀ ਚੋਣ ''ਚ ਜਿੱਤ ਹਾਸਲ ਕਰਨ ਦੇ ਬਾਅਦ ਉਨ੍ਹਾਂ ਨੂੰ ਧੂਰੀ ਹਲਕੇ ਦੀ ਸੇਵਾ ਕਰਨ ਦਾ ਬੇਹੱਦ ਘੱਟ ਸਮਾਂ ਮਿਲਿਆ ਹੈ। ਬਾਵਜੂਦ ਇਸ ਦੇ ਉਨ੍ਹਾਂ ਆਪਣੇ ਵੱਲੋਂ ਹਲਕੇ ਦੇ ਵਿਕਾਸ ''ਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਕਾਰਨ ਜਿੱਥੇ ਸ਼ਹਿਰ ਵਿਚ 100 ਫੀਸਦੀ ਸੀਵਰੇਜ ਦਾ ਕੰਮ ਲੱਗਭਗ ਪੂਰਾ ਹੋਣ ਵਾਲਾ ਹੈ ਉਥੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਵੀ ਬਿਹਤਰ ਕੀਤੀ ਗਈ ਹੈ। ਇਸ ਤੋਂ ਇਲਾਵਾ ਹਲਕੇ ''ਚ ਸਰਕਾਰੀ ਕਾਲਜ ਖੋਲ੍ਹਣ ਦਾ ਵਾਅਦਾ ਵੀ ਪੂਰਾ ਕੀਤਾ ਗਿਆ ਹੈ।

ਦਾਅਵਿਆਂ ਦੀ ਹਕੀਕਤ
ਮਾਰਕੀਟ ਕਮੇਟੀ ਰਾਹੀਂ ਉਸਾਰੀਆਂ ਗਈਆਂ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ''ਚ ਬੇਹੱਦ ਸੁਧਾਰ ਵੇਖਣ ਨੂੰ ਮਿਲਿਆ ਹੈ ਪਰ ਸ਼ਹਿਰ ''ਚ ਦਾਖਲ ਹੁੰਦੇ ਹੀ ਸ਼ਹਿਰ ਦੀਆਂ ਸੜਕਾਂ ਦਾ ਮਾੜਾ ਹਾਲ ਇਨ੍ਹਾਂ ਦਾਅਵਿਆਂ ਨੂੰ ਮੁੰਹ ਚਿੜ੍ਹਾਉਂਦਾ ਹੋਇਆ ਨਜ਼ਰ ਆਉੁਂਦਾ ਹੈ। ਇਸ ਤੋਂ ਇਲਾਵਾ ਸੀਵਰੇਜ ਲਈ ਪੁੱਟੀਆਂ ਗਈਆਂ ਸੜਕਾਂ ਦਾ 1 ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਨਾ ਬਣਾਇਆ ਜਾਣਾ ਅਤੇ 100 ਫੀਸਦੀ ਸੀਵਰੇਜ ਵਾਲਾ ਸ਼ਹਿਰ ਬਣਾਉੁਣ ਦਾ ਵਾਅਦਾ ਵੀ ਪੂਰੀ ਤਰ੍ਹਾਂ ਨਹੀਂ ਨਿਭਾਇਆ ਜਾ ਸਕਿਆ ਹੈ। ਸਰਕਾਰੀ ਕਾਲਜ ਖੋਲ੍ਹ ਕੇ ਇਸ ਵਾਅਦੇ ਨੂੰ ਜ਼ਰੂਰ ਪੂਰਾ ਕੀਤਾ ਗਿਆ ਹੈ।


ਕਿੰਨੇ ਵਫਾ
► ਸਰਕਾਰੀ ਕਾਲਜ ਖੋਲ੍ਹਿਆ ਗਿਆ।
► ਪਿੰਡਾਂ ਦੀਆਂ ਸੜਕਾਂ ਦੀ ਹਾਲਤ ਸੁਧਰੀ।
► ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ।
► 100 ਫੀਸਦੀ ਸੀਵਰੇਜ ਵਾਲਾ ਸ਼ਹਿਰ ਬਣਾਉੁਣ ਦਾ ਵਾਅਦਾ ਪੂਰੀ ਤਰ੍ਹਾਂ ਨਹੀਂ ਨਿਭਾਇਆ।

ਲੋਕਾਂ ਦੀ ਪ੍ਰਤੀਕਿਰਿਆ
ਸ਼ਹਿਰ ਅੰਦਰ ਸਿਵਲ ਹਸਪਤਾਲ ਤਾਂ ਹੈ ਪਰ ਮਾਹਿਰ ਡਾਕਟਰਾਂ ਦੀ ਘਾਟ ਇਥੋਂ ਦੇ ਲੋਕਾਂ ਲਈ ਇਕ ਵੱਡੀ ਸਮੱਸਿਆ ਹੈ। ਇਸ ਕਾਰਨ ਲੋਕਾਂ ਨੂੰ ਮਜਬੂਰਨ ਇਲਾਜ ਵਾਸਤੇ ਹੋਰ ਸ਼ਹਿਰਾਂ ਦਾ ਰੁਖ਼ ਕਰਨਾ ਪੈਂਦਾ ਹੈ। ਸਰਕਾਰ ਲਈ ਇਥੇ ਮਾਹਿਰ ਡਾਕਟਰਾਂ ਦੀਆਂ ਖਾਲੀ ਪਈਆਂ ਆਸਾਮੀਆਂ ਇਕ ਵੱਡੀ ਚੁਣੌਤੀ ਅਤੇ ਲੋਕਾਂ ਦੇ ਲਈ ਇਕ ਵੱਡੀ ਸਮੱਸਿਆ ਬਣੀ ਹੋਈ ਹੈ। - ਮਹਾਸ਼ਾ ਪ੍ਰਤਿਗਿਆ ਪਾਲ, ਪ੍ਰਧਾਨ ਧੂਰੀ ਨੇਤਰ ਬੈਂਕ ਸੰਮਤੀ।

ਸ਼ਹਿਰ ''ਚ ਬੱਸ ਸਟੈਂਡ ਤਾਂ ਹੈ ਪਰ ਜ਼ਿਆਦਾਤਰ ਬੱਸਾਂ ਬਾਈਪਾਸ ਤੋਂ ਹੋ ਕੇ ਹੀ ਲੰਘ ਜਾਂਦੀਆਂ ਹਨ। ਬੱਸ ਸਟੈਂਡ ''ਚ ਬੱਸਾਂ ਦੇ ਨਾ ਆਉਣ ਕਾਰਨ ਲੋਕਾਂ ਨੂੰ ਕੱਕੜਵਾਲ ਚੌਕ ਵਿਖੇ ਹੀ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਜਿੱਥੇ ਕਿ ਬੈਠਣ, ਪੀਣ ਵਾਲੇ ਪਾਣੀ ਅਤੇ ਖਾਸਕਰ ਔਰਤਾਂ ਦੇ ਲਈ ਕਿਸੇ ਤਰ੍ਹਾਂ ਦੇ ਕੋਈ ਪਖਾਨੇ ਦਾ ਪ੍ਰਬੰਧ ਤੱਕ ਨਹੀਂ ਹੈ। ਜੇਕਰ ਕਿਸੇ ਵਧੀਆ ਥਾਂ ''ਤੇ ਬੱਸ ਸਟੈਂਡ ਬਣਾਇਆ ਜਾਂਦਾ ਹੈ, ਤਾਂ ਇਹ ਹਲਕੇ ਦੇ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। — ਅੰਮ੍ਰਿਤ ਗਰਗ ਰਿੰਕੂ, ਸਕੱਤਰ ੰਡਸਟਰੀ ਚੈਂਬਰ ਧੂਰ

ਲੋਹਾ ਬਾਜ਼ਾਰ ਵਿਖੇ ਸਥਿਤ ਰੇਲਵੇ ਫਾਟਕਾਂ ਦੇ ਜ਼ਿਆਦਾਤਰ ਸਮਾਂ ਬੰਦ ਰਹਿਣ ਦੇ ਕਾਰਨ ਇਹ ਲੋਕਾਂ ਲਈ ਮੁਸੀਬਤ ਦਾ ਸਬੱਬ ਬਣੇ ਹੋਏ ਹਨ। ਹਾਲਾਂਕਿ ਇਥੇ ਲਾਈਟ ਆਇਰਨ ਓਵਰਬ੍ਰਿਜ ਪਾਸ ਹੋ ਚੁੱਕਿਆ ਹੈ ਪਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਹੈ। ਇਸ ਨਾਲ ਨਾ ਸਿਰਫ ਇਥੋਂ ਦੇ ਬਾਜ਼ਾਰਾਂ ''ਚ ਜਾਮ ਹੀ ਲੱਗਿਆ ਕਰਨਗੇ, ਸਗੋਂ ਹਾਦਸੇ ਹੋਣ ਦਾ ਖਤਰਾ ਵੀ ਬਣਿਆ ਰਹੇਗਾ। ਇਥੇ ਜੇਕਰ ਅੰਡਰਬ੍ਰਿਜ ਦੀ ਪ੍ਰਪੋਜ਼ਲ ਪਾਸ ਕੀਤੀ ਜਾਵੇ ਜਾਂ ਫਿਰ ਇਸ ਦਾ ਕੋਈ ਹੋਰ ਢੁਕਵਾਂ ਹੱਲ ਕੱਢਿਆ ਜਾਵੇ, ਤਾਂ ਉਹ ਜ਼ਿਆਦਾ ਬਿਹਤਰ ਹੋਵੇਗਾ।-  ਸੁਰੇਸ਼ ਬਾਂਸਲ, ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ (ਮੁੱਖ ਸ਼ਾਖਾ) ਧੂਰੀ।

Gurminder Singh

This news is Content Editor Gurminder Singh