ਆਪਣੇ ਵਿਰੋਧੀਆਂ ਤੋਂ ਅੱਗੇ ਰਹੇ ਨੇ ਮਜੀਠੀਆ

01/23/2017 12:28:59 PM

ਜਲੰਧਰ : ਪਿਛਲੀਆਂ ਦੋ ਵਿਧਾਨ ਸਭਾ ਅਤੇ 2014 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਮਜੀਠਾ ਵਿਧਾਨ ਸਭਾ ਖੇਤਰ ''ਚ ਬਿਕਰਮ ਸਿੰਘ ਮਜੀਠੀਆ ਆਪਣੇ ਵਿਰੋਧੀਆਂ ਤੋਂ ਬਹੁਤ ਅੱਗੇ ਰਹੇ। 2007 ਦੀਆਂ ਵਿਧਾਨ ਸਭਾ ਚੋਣਾਂ ''ਚ ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਲਾਲੀ ਮਜੀਠੀਆ ਨਾਲ ਹੀ ਸੀ। ਉਹ ਚੋਣ ਬਿਕਰਮ ਨੇ ਲਗਭਗ 23 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਬਿਕਰਮ ਨੂੰ 51690 ਤੇ ਲਾਲੀ ਨੂੰ 28682 ਵੋਟ ਮਿਲੇ ਸਨ, ਦੋਵਾਂ ਦਾ ਵੋਟ ਫੀਸਦੀ ਤਰਤੀਬਵਾਰ 55.31 ਤੇ 30.69 ਰਿਹਾ। 2012 ਦੀਆਂ ਵਿਧਾਨ ਸਭਾ ਚੋਣਾਂ ''ਚ ਬਿਕਰਮ ਦੀ ਲੀਡ ਹੋਰ ਵਧ ਹੋਈ। ਉਨ੍ਹਾਂ ਨੂੰ ਲਗਭਗ 47 ਹਜ਼ਾਰ ਵੋਟਾਂ ਨਾਲ ਜਿੱਤ ਹਾਸਿਲ ਹੋਈ। ਉਸ ਚੋਣ ''ਚ ਕਾਂਗਰਸ ਨੇ ਲਾਲੀ ਮਜੀਠੀਆ ਦੀ ਥਾਂ ਸ਼ਲਿੰਦਰਜੀਤ ਸਿੰਘ ਸ਼ੈਲੀ ਨੂੰ ਟਿਕਟ ਦਿੱਤੀ ਸੀ, ਜਿਨ੍ਹਾਂ ਨੂੰ ਸਿਰਫ਼ 7629 ਵੋਟਾਂ ਮਿਲੀਆਂ। ਲਾਲੀ ਆਜ਼ਾਦ ਉਮੀਦਵਾਰ ਦੇ ਰੂਪ ''ਚ ਚੋਣ ਲੜ ਕੇ 26363 ਵੋਟਾਂ ਲੈ ਗਏ ਸਨ। 2012 ''ਚ ਵੋਟ ਫੀਸਦੀ ਵਜੋਂ ਬਿਕਰਮ ਨੂੰ 64.15, ਲਾਲੀ ਨੂੰ 22.87 ਜਦੋਂਕਿ ਸ਼ੈਲੀ ਨੂੰ 6.62 ਫੀਸਦੀ ਵੋਟ ਮਿਲੇ। ਇਸ ਤਰ੍ਹਾਂ ਬਿਕਰਮ ਮਜੀਠੀਆ ਨੇ ਲਗਾਤਾਰ ਦੋ ਵਾਰ ਇਸ ਵਿਧਾਨ ਸਭਾ ਖੇਤਰ ਤੋਂ ਵੱਡੀ ਜਿੱਤ ਹਾਸਿਲ ਕੀਤੀ। ਫਿਰ 2014 ਦੀਆਂ ਲੋਕ ਸਭਾ ਚੋਣਾਂ ਆਈਆਂ ਤੇ ਅੰਮ੍ਰਿਤਸਰ ਲੋਕ ਸਭਾ ਖੇਤਰ ਤੋਂ ਅਕਾਲੀ-ਭਾਜਪਾ ਗੱਠਜੋੜ ਉਮੀਦਵਾਰ ਦੇ ਰੂਪ ''ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਮੈਦਾਨ ''ਚ ਉਤਰੇ। ਕਾਂਗਰਸ ਦੇ ਉਮੀਦਵਾਰ ਪੀ. ਪੀ. ਸੀ. ਸੀ. ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਨ। ਬੇਸ਼ਕ ਅੰਮ੍ਰਿਤਸਰ ਲੋਕ ਸਭਾ ਸੀਟ ''ਤੇ ਕੈਪਟਨ ਨੂੰ ਵੱਡੀ ਜਿੱਤ ਹਾਸਲ ਹੋਈ ਪਰ ਮਜੀਠਾ ਵਿਧਾਨ ਸਭਾ ਹਲਕੇ ''ਚ ਗੱਠਜੋੜ ਨੂੰ ਹੀ ਵਾਧਾ ਮਿਲਿਆ। ਇਥੋਂ ਜੇਤਲੀ ਨੂੰ 60201 ਤੇ ਕੈਪਟਨ ਨੂੰ 39550 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਦਲਜੀਤ ਸਿੰਘ ਨੂੰ ਉਸ ਚੋਣ ''ਚ 5742 ਵੋਟ ਮਿਲੇ ਸਨ। ਇਸ ਤਰ੍ਹਾਂ ਅੰਕੜੇ ਦੱਸਦੇ ਹਨ ਕਿ ਪਿਛਲੀਆਂ ਤਿੰਨ ਚੋਣਾਂ ਤੋਂ ਬਿਕਰਮ ਦੀ ਲਗਾਤਾਰ ਮਜੀਠਾ ''ਤੇ ਪਕੜ ਬਣੀ ਹੋਈ ਹੈ।

Babita Marhas

This news is News Editor Babita Marhas