ਕੀ ਕਾਂਗਰਸ ਅਤੇ ''ਆਪ'' ਵਿੰਨ੍ਹ ਸਕਣਗੇ ਮਜੀਠੀਆ ਦਾ ਗੜ੍ਹ

01/23/2017 12:19:23 PM

ਮਜੀਠਾ (ਭਾਰਦਵਾਜ) : ਅੰਮ੍ਰਿਤਸਰ ਲੋਕ ਸਭਾ ਖੇਤਰ ''ਚ ਠੰਡ ਦੇ ਬਾਵਜੂਦ ਸਿਆਸੀ ਗਰਮੀ ਦਿਨ-ਬ ਦਿਨ ਵਧਦੀ ਜਾ ਰਹੀ ਹੈ। ਮਜੀਠਾ ਵਿਧਾਨ ਸਭਾ ਖੇਤਰ ''ਚ ਹੋਰਡਿੰਗ, ਬੈਨਰ, ਪੋਸਟਰ ਅਤੇ ਫਲੈਗ ਵਾਰ ਸਿਆਸੀ ਮਾਹੌਲ ਦੀ ਗਰਮੀ ਦੱਸਣ ਲਈ ਕਾਫੀ ਹੈ। ਹੋਵੇ ਵੀ ਕਿਓਂ ਨਾ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਫਿਰ ਤੋਂ ਚੋਣ ਮੈਦਾਨ ਵਿਚ ਹਨ। ਇਹ ਉਨ੍ਹਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਅਜਿਹੇ ਵਿਚ ਵੱਡਾ ਸੁਆਲ ਇਹੋ ਹੈ ਕਿ ਕੀ ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਬਿਕਰਮ ਦੇ ''ਗੜ੍ਹ'' ''ਚ ਸੰਨ੍ਹ ਲਗਾ ਸਕਣਗੇ? ਮਜੀਠੀਆ ਨੂੰ ਟੱਕਰ ਦੇਣ ਲਈ ਕਾਂਗਰਸ ਨੇ ਰਵਾਇਤੀ ਵਿਰੋਧੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਉਤਾਰਿਆ ਹੈ ਤਾਂ ''ਆਪ'' ਨੇ ਸੀਨੀਅਰ ਨੇਤਾ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਬਣਾਇਆ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ''ਚ ਕਾਂਗਰਸ ਨੇ ਲਾਲੀ ਦੀ ਟਿਕਟ ਕੱਟ ਦਿੱਤੀ ਸੀ। ਇਸ ਤੋਂ ਬਾਅਦ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ ਕਰੜੀ ਚੁਣੌਤੀ ਦੇ ਕੇ ਦੂਜੇ ਸਥਾਨ ''ਤੇ ਰਹੇ ਸਨ। ਉਥੇ ਹੀ ਹਿੰਮਤ ਸਿੰਘ ਸ਼ੇਰਗਿੱਲ ਪਹਿਲਾਂ ਮੋਹਾਲੀ ਤੋਂ ''ਆਪ'' ਦੇ ਉਮੀਦਵਾਰ ਸਨ ਪਰ ਮਜੀਠੀਆ ਨੂੰ ਟੱਕਰ ਦੇਣ ਲਈ ਉਨ੍ਹਾਂ ਦੀ ਸੀਟ ਬਦਲ ਕੇ ਇਥੇ ਭੇਜਿਆ ਗਿਆ ਹੈ। ਸਾਲ 2014 ''ਚ ਲੋਕ ਸਭਾ ਚੋਣਾਂ ''ਚ ਸ਼ੇਰਗਿੱਲ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ ਅਤੇ ਉਨ੍ਹਾਂ ਨੇ ਵੀ ਤਿੰਨ ਲੱਖ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਸਨ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਦੋਵੇਂ ਪਾਰਟੀਆਂ ਇਸ ਹਲਕੇ ਦੀ ਚੋਣ ''ਚ ਅਕਾਲੀ ਦਲ ਦੀਆਂ ਕਿੰਨੀਆਂ ਵੋਟਾਂ ਕੱਟਦੀਆਂ ਹਨ ਪਰ ਕਾਂਗਰਸ ਅਤੇ ''ਆਪ'' ਦੇ ਨੇਤਾ ਦਾਅਵੇ ਕਰ ਰਹੇ ਹਨ ਕਿ ਇਸ ਵਾਰ ਨਤੀਜਾ ਵੱਖ ਹੋਵੇਗਾ। ਫਿਲਹਾਲ ਬਿਕਰਮ ਸਿੰਘ ਮਜੀਠੀਆ ਸਮੇਤ ਇਥੋਂ ਚੋਣ ਲੜ ਰਹੇ ਸਾਰੇ ਉਮੀਦਵਾਰ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ।  ਉਹ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ।

Babita Marhas

This news is News Editor Babita Marhas