ਅਗਸਤਾ ਵੈਸਟਲੈਂਡ ਮਾਮਲਾ : ਦੁਬਈ ਕੋਰਟ ਨੇ ਮਿਸ਼ੇਲ ਦੀ ਹਵਾਲਗੀ ਦਾ ਦਿੱਤਾ ਆਦੇਸ਼

09/19/2018 3:15:42 AM

ਨਵੀਂ ਦਿੱਲੀ— ਦੁਬਈ ਦੀ ਇਕ ਅਦਾਲਤ ਨੇ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲਾ ਮਾਮਲੇ 'ਚ ਕਥਿਤ ਵਿਚੋਲੇ ਤੇ ਬ੍ਰਿਟਿਸ਼ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਦੀ ਹਵਾਲਗੀ ਦਾ ਆਦੇਸ਼ ਦਿੱਤਾ ਹੈ। ਅਧਿਕਾਰਕ ਸੂਤਰਾਂ ਨੇ ਮੰਗਲਵਾਰ ਦੇਰ ਸ਼ਾਮ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਪਹਿਲਾਂ ਭਾਰਤ ਨੇ ਇਸ ਮਾਮਲੇ 'ਚ ਸੀ.ਬੀ.ਆਈ. ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਤੀ ਗਈ ਅਪਰਾਧਿਕ ਜਾਂਚ ਦੇ ਆਧਾਰ 'ਤੇ ਖਾੜੀ ਦੇਸ਼ ਤੋਂ ਅਧਿਕਾਰਕ ਤੌਰ 'ਤੇ ਇਸ ਸਬੰਧ 'ਚ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਅਦਾਲਤ ਨੇ ਇਹ ਫੈਸਲਾ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਕ੍ਰਿਸ਼ਚੀਅਨ ਮਿਸ਼ੇਲ ਜੇਮਸ (54) ਖਿਲਾਫ ਆਦੇਸ਼ ਦੀ ਪੂਰੀ ਜਾਣਕਾਰੀ ਕਲ ਮਿਲ ਸਕੇਗੀ ਕਿਉਂਕਿ ਕਾਨੂੰਨੀ ਫੈਸਲਾ ਅਰਬੀ ਭਾਸ਼ਾ 'ਚ ਹੈ ਤੇ ਭਾਰਤੀ ਅਧਿਕਾਰੀਆਂ ਦੀ ਅਪੀਲ 'ਤੇ ਉਸ ਦਾ ਅੰਗ੍ਰੇਜ਼ੀ 'ਚ ਅਨੁਵਾਦ ਕਰਵਾਇਆ ਜਾ ਰਿਹਾ ਹੈ। ਇਸ ਫੈਸਲੇ ਨੂੰ ਮਾਮਲੇ ਦੀ ਜਾਂਚ ਕਰ ਰਹੇ ਕੇਂਦਰੀ ਜਾਂਚ ਬਿਊਰੋ ਤੇ ਈ.ਡੀ. ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਈ.ਡੀ. ਨੇ ਜੂਨ 2016 'ਚ ਮਿਸ਼ੇਲ ਖਿਲਾਫ ਦਾਇਰ ਆਪਣੇ ਦੋਸ਼ ਪੱਤਰ 'ਚ ਦੋਸ਼ ਲਗਾਇਆ ਸੀ ਕਿ ਅਗਸਤਾ ਵੈਸਟਲੈਂਡ ਤੋਂ ਕਰੀਬ 225 ਕਰੋੜ ਰੁਪਏ ਪ੍ਰਾਪਤ ਕੀਤੇ।

ਈ.ਡੀ. ਨੇ ਕਿਹਾ ਸੀ ਕਿ ਇਹ ਪੈਸਾ ਹੋਰ ਕੁਝ ਨਹੀਂ ਸਗੋਂ ਕੰਪਨੀ ਵੱਲੋਂ 12 ਹੈਲੀਕਾਪਟਰਾਂ ਦੇ ਸਮਝੌਤੇ ਨੂੰ ਆਪਣੇ ਪੱਖ 'ਚ ਕਰਵਾਉਣ ਲਈ ਅਸਲ ਲੈਣ ਦੇਣ ਦੇ ਨਾਂ 'ਤੇ ਦਿੱਤੀ ਗਈ ਰਿਸ਼ਵਤ ਸੀ। ਸੀ.ਬੀ.ਆਈ. ਤੇ ਈ.ਡੀ. ਵੱਲੋਂ ਜਾਂਚ ਕੀਤੇ ਜਾ ਰਹੇ ਮਾਮਲਿਆਂ 'ਚ ਗੁਇਦੋ ਹਾਸ਼ਕੇ ਤੇ ਕਾਰਲੋ ਗੇਰੋਸਾ ਤੋਂ ਇਲਾਵਾ ਮਿਸ਼ੇਲ ਤੀਜਾ ਕਥਿਤ ਵਿਚੋਲੀਆ ਹੈ। ਅਦਾਲਤ ਵੱਲੋਂ ਉਸ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਬਾਅਦ ਜਾਂਚ ਏਜੰਸੀਆਂ ਨੇ ਉਸ ਖਿਲਾਫ ਇੰਟਰਪੋਲ ਰੈਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਸੀ।


Related News