ਕੀ ਰਾਮ ਰਹੀਮ ਅੱਗੇ ਸੀਸ ਨਿਵਾਉਂਦੇ ਦੀ ਤੁਹਾਡੀ ਤਸਵੀਰ ਅਸਲੀ ਹੈ?

09/19/2018 2:17:26 PM

ਚੰਡੀਗਡ਼੍ਹ,  (ਅਸ਼ਵਨੀ)-  ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਖਿਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਉਸ ਤਸਵੀਰ ਦੀ ਅਸਲੀਅਤ ਤੋਂ ਜਾਣੂ ਕਰਵਾਉਣ, ਜਿਸ ’ਚ ਉਹ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅੱਗੇ ਸੀਸ ਝੁਕਾਉਂਦੇ ਨਜ਼ਰ ਆ ਰਹੇ ਹਨ। ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਸਵੀਰ ਨੇ ਸਿੱਧੂ ਦੀ ਅਸਲੀਅਤ ਬੇਨਕਾਬ ਕਰ ਦਿੱਤੀ ਹੈ, ਜੋ ਕਹਿੰਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ ਹਨ। ਇਹ ਤਸਵੀਰ ਅਕਾਲੀ ਦਲ ਨੇ ਅੱਜ ਮੀਡੀਆ ਲਈ ਵੀ ਜਾਰੀ ਕੀਤੀ ਹੈ। 
 ਇਕ ਹੋਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੇ ਡੇਰਿਆਂ ਦੇ ਮਾਮਲੇ ਵਿਚ ਕਾਂਗਰਸ ਦੀ ਭੂਮਿਕਾ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ’ਤੇ ਵਰ੍ਹਦਿਆਂ ਸਿਰਸਾ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਉਹ ਸਿੱਧੂ ਵਲੋਂ ਡੇਰਾ ਸਿਰਸਾ ਮੁਖੀ ਸਾਹਮਣੇ ਸੀਸ ਝੁਕਾਉਂਦੇ ਦੀ ਤਸਵੀਰ ’ਤੇ ਕਿਉਂ ਚੁੱਪ ਹਨ? ਉਨ੍ਹਾਂ ਕਿਹਾ ਕਿ ਸਿੱਧੂ ਨੇ ਹੀ ਸੁਖਜਿੰਦਰ ਰੰਧਾਵਾ ਨੂੰ ਆਖਿਆ ਸੀ ਕਿ ਉਹ ਅੱਗੇ ਵਧਣ ਤੇ ਐੱਸ. ਜੀ. ਪੀ. ਸੀ. ’ਤੇ ਕਬਜ਼ਾ ਕਰਨ ਤੇ ਉਹ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਕੀ ਹੁਣ ਰੰਧਾਵਾ ਸਿੱਧੂ ਨੂੰ ਸਵਾਲ ਕਰਨਗੇ ਕਿ ਉਹ ਕਿਸ ਪਾਸੇ ਹਨ, ਸਿੱਖਾਂ ਨਾਲ ਜਾਂ ਡੇਰੇ ਨਾਲ?
 ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ  ਨੇ  ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਤੇ ਬਰਗਾਡ਼ੀ ਵਿਚ ਉਨ੍ਹਾਂ ਨਾਲ ਬੈਠੇ ਆਗੂਆਂ ’ਤੇ ਵੀ ਜ਼ੋਰਦਾਰ ਹਮਲਾ ਕੀਤਾ ਤੇ ਸਵਾਲ ਕੀਤਾ ਕਿ ਉਹ ਸਿੱਧੂ ਦੀ ਅਸਲੀਅਤ ’ਤੇ ਹੁਣ ਚੁੱਪ ਕਿਉਂ ਹਨ?  ਉਨ੍ਹਾਂ ਕਿਹਾ ਕਿ ਕੀ ਹੁਣ ਬਰਗਾਡ਼ੀ ਵਿਖੇ ਬੈਠੇ ਆਗੂ ਹੁਣ ਸਿੱਧੂ ਨੂੰ ਉਨ੍ਹਾਂ ਦੇ ਡੇਰੇ ਨਾਲ ਸਬੰਧਾਂ ਦੀ ਅਸਲੀਅਤ ਬਾਰੇ ਸਵਾਲ ਕਰਨਗੇ। 


Related News