ਪੋਲਿੰਗ ਦੌਰਾਨ ਕਾਂਗਰਸ ਵੱਲੋਂ ਖੂਨ-ਖਰਾਬੇ ਦਾ ਖਦਸ਼ਾ : ਮਜੀਠੀਆ

09/19/2018 3:08:37 AM

ਅੰਮ੍ਰਿਤਸਰ,  (ਛੀਨਾ)- ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ  ਬਿਕਰਮ ਸਿੰਘ ਮਜੀਠੀਆ ਨੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕੱਲ ਨੂੰ ਹੋਣ ਜਾ ਰਹੀ ਪੋਲਿੰਗ ਦੌਰਾਨ ਕਾਂਗਰਸ ਵੱਲੋਂ ਧੱਕੇਸ਼ਾਹੀਆਂ, ਧਾਂਦਲੀਆਂ ਤੇ ਖੂਨ-ਖਰਾਬੇ ਦਾ ਖਦਸ਼ਾ ਜ਼ਾਹਿਰ ਕਰਦਿਆਂ ਸਰਕਾਰ ’ਤੇ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਜਿਥੇ ਵੀ ਉਮੀਦਵਾਰ ਖੜ੍ਹੇ ਹਨ ਉਥੇ ਦ੍ਰਿੜ੍ਹਤਾ ਨਾਲ ਜਮਹੂਰੀਅਤ ਨੂੰ ਬਚਾਉਣ ਲਈ ਚੋਣ ਲੜੀ ਤੇ ਜਿੱਤ ਹਾਸਲ ਕੀਤੀ ਜਾਵੇਗੀ।
ਮਜੀਠੀਆ ਨੇ ਕਾਂਗਰਸ ਦੀਆਂ ਵਧੀਕੀਆਂ ਦਾ ਸਾਥ ਦੇਣ ਵਾਲੇ ਸਿਵਲ ਅਤੇ ਪੁਲਸ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਗਲਤ ਵਰਤਾਰਿਆਂ ਲਈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਇਨਸਾਫ ਲਈ ਉਨ੍ਹਾਂ ਨੂੰ ਉੱਚ ਅਦਾਲਤਾਂ ’ਚ ਘੜੀਸਿਆ ਜਾਵੇਗਾ। ਲੋਕਤੰਤਰ ’ਚ ਚੋਣਾਂ ਲੜਨ ਦਾ ਹਰੇਕ ਨੂੰ ਬੁਨਿਆਦੀ ਅਧਿਕਾਰ ਹੈ ਪਰ ਸੱਤਾ ਧਿਰ ਕਾਂਗਰਸ ਅਤੇ ਸਰਕਾਰ ਵੱਲੋਂ ਬੌਖਲਾਹਟ ’ਚ ਡਰ, ਸਹਿਮ ਤੇ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।  ਪੁਲਸ ਦੀ ਦੁਰਵਰਤੋਂ ਦੇ ਨਾਲ-ਨਾਲ ਗੁੰਡਾ ਅਨਸਰਾਂ ਰਾਹੀਂ ਅਕਾਲੀ ਉਮੀਦਵਾਰਾਂ ਤੇ ਸਮਰਥਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਉਮੀਦਵਾਰਾਂ ਤੇ ਸਮਰਥਕਾਂ ਦਾ ਕਿਸੇ ਕਿਸਮ ਦਾ ਵੀ ਨੁਕਸਾਨ ਹੋਇਆ ਤਾਂ ਉਸ ਲਈ ਕਾਂਗਰਸ ਸਰਕਾਰ ਤੇ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। 
ਚੋਣਾਂ ਦੇ ਐਲਾਨ ਦੇ ਪਹਿਲੇ ਦਿਨ ਤੋਂ ਅਕਾਲੀਆਂ ਨੂੰ ਸਮੇਂ ਸਿਰ ਵੋਟਰ ਸੂਚੀਆਂ ਨਾ ਦੇਣ ਨਾਲ ਕਾਂਗਰਸ ਤੇ ਸਰਕਾਰ ਦੇ ਮਨਸੂਬੇ ਸਪੱਸ਼ਟ ਸਨ, ਫਿਰ ਚੁੱਲ੍ਹਾ ਟੈਕਸ ਤੇ ਐੱਨ. ਓ. ਸੀ. ਆਦਿ ਨਾ ਦੇਣ ਲਈ ਗਲਤ ਹਥਕੰਡੇ ਅਪਣਾਏ ਗਏ।  ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਬੁਲਾਰੇ ਵਿਰਸਾ ਸਿੰਘ ਵਲਟੋਹਾ, ਵੀਰ ਸਿੰਘ ਲੋਪੋਕੇ, ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪ੍ਰੋ. ਸਰਚਾਂਦ ਸਿੰਘ ਆਦਿ ਮੌਜੂਦ ਸਨ। 
 


Related News