ਜ਼ਿਲੇ ’ਚ ਡੇਂਗੂ ਦੇ 2 ਕੇਸ ਮਿਲੇ, ਲੋਕਾਂ ’ਚ ਸਹਿਮ

09/19/2018 2:43:59 AM

ਫਾਜ਼ਿਲਕਾ, (ਨਾਗਪਾਲ)- ਜ਼ਿਲੇ ’ਚ ਡੇਂਗੂ ਦੇ 2 ਕੇਸ ਸਾਹਮਣੇ ਆਏ ਹਨ, ਜਿਸ ਨਾਲ ਲੋਕਾਂ ’ਚ ਸਹਿਮ ਦਾ ਮਾਹੋਲ ਹੈ।  ਬਲਾਕ ਜੰਡਵਾਲਾ ਭੀਮੇਸ਼ਾਹ  ਤਹਿਤ ਪਿੰਡ ਟਿਵਾਨਾ ਦੀ ਰਹਿਣ ਵਾਲੀ 45 ਸਾਲਾ ਇਕ ਅੌਰਤ ਆਪਣੇ ਪਤੀ ਦੀ ਬਾਈਪਾਸ ਸਰਜਰੀ ਲਈ ਰਾਜਕੋਟ (ਗੁਜਰਾਤ) ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਲੰਬੇ ਸਮੇਂ ਤੋਂ ਬੁਖਾਰ ਤੋਂ ਬਾਅਦ ਜਦੋਂ ਉਸ ਦਾ ਟੈਸਟ ਕੀਤਾ ਗਿਆ ਤਾਂ ਉਹ ਡੇਂਗੂ ਪਾਜ਼ੇਟਿਵ ਮਿਲੀ। ਇਸੇ ਤਰ੍ਹਾਂ ਪਿੰਡ ਝੁਗੇ ਗੁਲਾਬ ਸਿੰਘ ਦਾ 13 ਸਾਲਾ ਬੱਚਾ ਵੀ ਪਡ਼ਤਾਲ ਦੌਰਾਨ ਡੇਂਗੂ ਪਾਜ਼ੇਟਿਵ ਮਿਲਿਆ ਹੈ। 
ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ
  ਸੰਪਰਕ ਕਰਨ ’ਤੇ ਜ਼ਿਲਾ ਐਪੀਡੀਮੋਲੋਜਿਸਟ (ਮਾਹਮਾਰੀ) ਅਫ਼ਸਰ ਡਾ. ਉਪਿੰਦਰ ਕੌਰ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ  ਵੱਲੋਂ ਜਾਗਰੂਕਤਾ ਵੈਨ ਚਲਾਈ ਗਈ ਹੈ, ਜਿਸ ’ਚ ਇਕ ਸਿਹਤ ਬਲਾਕ  ਤਹਿਤ ਸਕੂਲਾਂ ਤੇ ਪਿੰਡਾਂ ’ਚ ਜਾ ਕੇ ਵਿਦਿਆਰਥੀਆਂ ਤੇ ਪੇਂਡੂਆਂ ਨੂੰ ਵੀਡੀਓ ਦਿਖਾਈ ਜਾਂਦੀ ਹੈ, ਜਿਸ ’ਚ ਡੇਂਗੂ ਦੇ ਫੈਲਣ ਦੇ ਕਾਰਨਾਂ ਤੇ ਬਚਾਅ ਸਬੰਧੀ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਲੇ ’ਚ ਹੁਣ ਤੱਕ ਵੱਖ-ਵੱਖ ਸਕੂਲਾਂ ਤੇ ਜਨਤਕ ਥਾਵਾਂ ’ਤੇ ਕਰੀਬ 120 ਸੈਮੀਨਾਰ  ਕਰਵਾਏ ਜਾ ਚੁੱਕੇ ਹਨ, ਜਿਸ ’ਚ ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰ ਤੇ ਹੋਰ ਸਟਾਫ ਮੈਂਬਰ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰ ਰਹੇ ਹਨ। 
 ®ਡਾ. ਕੌਰ ਨੇ ਦੱਸਿਆ ਕਿ ਫਾਜ਼ਿਲਕਾ ਸ਼ਹਿਰ ’ਚ ਮੱਛਰ ਮਾਰਨ ਲਈ ਨਗਰ ਕੌਂਸਲ ਦੇ ਸਹਿਯੋਗ ਨਾਲ ਦੋ ਵਾਰ ਫੌਗਿੰਗ ਕਰਵਾਈ ਜਾ ਚੁੱਕੀ ਹੈ। ਸ਼ਹਿਰ ’ਚ ਬੀਤੇ ਸਾਲ ਦੇ ਹਾਈ ਰਿਸਕ ਇਲਾਕਿਆਂ ’ਚ ਪਹਿਲਾਂ ਤੋਂ ਹੀ ਬਚਾਅ ਲਈ ਉਪਾਅ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਪਿੰਡਾਂ ’ਚ ਵਿਭਾਗ ਗ੍ਰਾਮੀਣ ਸਿਹਤ ਕਮੇਟੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।
 ਇਸ ਦੇ ਨਾਲ ਹੀ ਨਗਰ ਕੌਂਸਲ ਦੇ ਸਹਿਯੋਗ ਨਾਲ ‘ਡਰਾਈ ਡੇਅ ਫਰਾਈ ਡੇਅ’ ਐਕਟੀਵਿਟੀ  ਤਹਿਤ ਵੱਖ-ਵੱਖ ਥਾਵਾਂ ’ਤੇ ਖਡ਼੍ਹੇ ਪਾਣੀ   ’ਚ ਡੇਂਗੂ ਦਾ ਲਾਰਵਾ ਚੈੱਕ ਕੀਤਾ ਜਾਂਦਾ ਹੈ, ਜਿਥੋਂ ਲਾਰਵਾ ਮਿਲਦਾ ਹੈ, ਉਸ ਅਦਾਰੇ, ਘਰ ਮਾਲਕ ਜਾਂ ਦੁਕਾਨਦਾਰ ਨੂੰ ਜੁਰਮਾਨਾ ਕੀਤਾ ਜਾਂਦਾ ਹੈ। 
 ®ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਦਾ ਟੈਸਟ ਤੇ ਇਲਾਜ ਸਰਕਾਰੀ ਹਸਪਤਾਲਾਂ ’ਚ ਮੁਫਤ ਕੀਤਾ ਜਾਂਦਾ ਹੈ। 
 ® ਉਨ੍ਹਾਂ ਦੱਸਿਆ ਕਿ ਬੀਤੇ ਸਾਲ ਜ਼ਿਆਦਾਤਰ ਕੇਸ ਹੋਰ ਰਾਜਾਂ ਤੋਂ ਵਾਪਸ ਆਏ ਲੋਕਾਂ ਤੇ ਖਾਸ ਤੌਰ ’ਤੇ ਵਿਦਿਆਰਥੀਆਂ ’ਚ ਪਾਏ ਗਏ ਸਨ। ਇਸ ਸਾਲ ਵੀ ਦੋ ’ਚੋਂ ਇਕ ਕੇਸ ਰਾਜਕੋਟ ਗੁਜਰਾਤ ਤੋਂ ਵਾਪਸ ਆਈ ਅੌਰਤ ’ਚ ਪਾਇਆ ਗਿਆ ਹੈ। 
ਕਿਉਂ ਹੁੰਦਾ ਹੈ ਡੇਂਗੂ 
ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ ਖਡ਼੍ਹੇ ਪਾਣੀ ’ਚ ਪੈਦਾ ਹੁੰਦਾ ਹੈ ਤੇ ਦਿਨ ਦੇ ਸਮੇਂ ਕੱਟਦਾ ਹੈ। ਡੇਂਗੂ ਬਰਸਾਤ ਦੇ ਮੌਸਮ ਤੋਂ ਬਾਅਦ ਦੇ ਦਿਨਾਂ ’ਚ ਵਧ ਫੈਲਦਾ ਹੈ ਕਿਉਂਕਿ ਇਸ ਮੌਸਮ ’ਚ ਮੱਛਰਾਂ ਦੇ ਪੈਦਾ ਹੋਣ ਤੇ ਪੱਲਣਤ ਅਨੁਕੂਲ ਹੁੰਦੇ ਹਨ।  ਅੱਧ ਸਤੰਬਰ ਤੋਂ ਨਵੰਬਰ ਮਹੀਨੇ ਤੱਕ ਦਾ ਢਾਈ ਮਹੀਨਿਆਂ ਦਾ ਸਮਾਂ ਡੇਂਗੂ ਦਾ ਸੀਜ਼ਨ ਹੁੰਦਾ ਹੈ। 
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 
F ਸਭ ਤੋਂ ਪਹਿਲਾਂ ਨੇਡ਼ੇ ਦੇ ਹਸਪਤਾਲ ’ਚ ਡਾਕਟਰ ਨੂੰ ਮਿਲੋ। 
F ਬੁਖਾਰ ਹੋਣ ’ਤੇ ਪੈਰਾਸੀਟਾਮੋਲ ਜਾਂ ਕਰੋਸਿਨ ਗੋਲੀ ਦੀ ਵਰਤੋਂ  ਕਰੋ। 
F ਐਸਪ੍ਰਿਨ ਤੇ ਬਰੂਫੇਨ ਗੋਲੀਆਂ ਦੀ ਵਰਤੋਂ ਨਾ ਕਰੋ। 
F ਠੰਡਾ ਪਾਣੀ ਨਾ ਪੀਓ ਤੇ ਨਾ ਹੀ ਬਾਸੀ ਖਾਣਾ ਖਾਓ।
F ਆਰ. ਓ. ਦਾ ਜਾਂ ਉਬਾਲ ਕੇ ਪਾਣੀ ਪਿਓ।
F ਪੂਰੀ ਨੀਂਦ ਲਵੋ।
F ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਦੀ ਵੱਧ  ਵਰਤੋਂ ਕਰੋ। 
 


Related News