ਮੀਡੀਆ ਵੱਲੋਂ ਡਿਪਟੀ ਕਮਿਸ਼ਨਰ ਤੇ ਪ੍ਰਸ਼ਾਸਨ ਦੇ ਸਾਰੇ ਸਮਾਗਮਾਂ ਦਾ ਬਾਈਕਾਟ

09/19/2018 2:33:20 AM

ਫ਼ਰੀਦਕੋਟ, (ਹਾਲੀ)- 5 ਰੋਜ਼ਾ ਵਿਰਾਸਤ ਮੇੇਲੇ ਵਿਚ ਪ੍ਰਸ਼ਾਸਨ ਵੱਲੋਂ ਦਿਖਾਈ ਲਾਪ੍ਰਵਾਹੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਵਿਰਾਸਤ ਮੇਲੇ ਦੇ ਸਮੁੱਚੇ ਪ੍ਰੋਗਰਾਮਾਂ ਨੂੰ ਮੀਡੀਆ ਤੋਂ ਗੁਪਤ ਰੱਖਣ ਦੇ ਰੋਸ ਵਜੋਂ ਪ੍ਰੈੱਸ ਕਲੱਬ  ਨੇ ਅੱਜ ਡਿਪਟੀ ਕਮਿਸ਼ਨਰ ਤੇ ਜ਼ਿਲਾ ਪ੍ਰਸ਼ਾਸਨ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ। 
ਕਲੱਬ ਦੇ ਆਗੂ ਜਸਵੰਤ ਸਿੰਘ ਪੁਰਬਾ, ਬਲਵਿੰਦਰ ਹਾਲੀ, ਅਮਨਦੀਪ ਲੱਕੀ, ਗਗਨਦੀਪ ਜੱਸੋਵਾਲ, ਦੇਵਾਨੰਦ ਸ਼ਰਮਾ, ਜਗਤਾਰ ਦੁਸਾਂਝ, ਜਸਵੰਤ ਜੱਸ, ਚਰਨਜੀਤ ਸਿੰਘ ਗੋਂਦਾਰਾ ਅਤੇ ਅਮਿਤ ਕੁਮਾਰ ਸ਼ਰਮਾ ਨੇ ਕਿਹਾ ਕਿ (ਅੱਜ) 19 ਸਤੰਬਰ ਤੋਂ ਵਿਰਾਸਤ ਮੇਲਾ ਸ਼ੁਰੂ ਹੋ ਰਿਹਾ ਹੈ ਪਰ 18 ਸਤੰਬਰ ਸ਼ਾਮ ਤੱਕ ਮੀਡੀਆ ਨੂੰ 5 ਰੋਜ਼ਾ ਮੇਲੇ ਦੇ ਕਿਸੇ ਵੀ ਸਮਾਗਮ ਬਾਰੇ ਸੂਚਿਤ ਨਹੀਂ ਕੀਤਾ ਗਿਆ। ਰਵਾਇਤ ਮੁਤਾਬਕ ਹਰ ਸਾਲ ਪ੍ਰਸ਼ਾਸਨ ਸਮੁੱਚੇ ਮੇਲੇ ਦੇ ਪ੍ਰੋਗਰਾਮਾਂ ਅਤੇ ਰੂਪ-ਰੇਖਾ ਬਾਰੇ ਇਕ ਹਫ਼ਤਾ ਪਹਿਲਾਂ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੰਦਾ ਸੀ ਤਾਂ ਜੋ ਵਿਰਾਸਤ ਮੇਲੇ ਦੌਰਾਨ ਹੋਣ ਵਾਲੇ ਸਮਾਗਮਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਮਿਲ ਸਕੇ  ਪਰ ਇਸ ਵਾਰ ਡਿਪਟੀ ਕਮਿਸ਼ਨਰ ਨੇ ਮੇਲੇ ਦੀ ਰੂਪ-ਰੇਖਾ ਐਲਾਨਣ ਵੇਲੇ ਸ਼ਹਿਰ ਦੀਆਂ ਬਹੁਤੀਆਂ ਧਿਰਾਂ ਦੀ ਅਣਦੇਖੀ ਕੀਤੀ ਅਤੇ ਅਹਿਮ ਸਮਾਗਮਾਂ ਦੀ ਸਮਾਂ-ਸਾਰਨੀ ਆਪਣੀ ਮਰਜ਼ੀ ਨਾਲ ਹੀ ਬਦਲ ਦਿੱਤੀ। 
ਇਸ ਸਮੇਂ ਸਤੀਸ਼ ਕੁਮਾਰ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਰੋਮਾਣਾ ਅਤੇ ਪ੍ਰੇਮ ਕੁਮਾਰ ਪਾਸੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਿਰਾਸਤ ਮੇਲੇ ਦੀ ਰਵਾਇਤ ’ਤੇ ਇਤਿਹਾਸ ਨੂੰ ਠੇਸ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਵਿਰਾਸਤ ਮੇਲੇ ਦੇ ਕਿਸੇ ਵੀ ਪ੍ਰੋਗਰਾਮ ਬਾਰੇ ਮੀਡੀਆ ਨੂੰ ਅਜੇ ਤੱਕ ਸੂਚਿਤ ਨਹੀਂ ਕੀਤਾ ਗਿਆ। ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਵਿਰਾਸਤ ਮੇਲੇ ਵਿਚ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਦੀ ਪੂਰੀ ਕਵਰੇਜ ਕੀਤੀ ਜਾਵੇਗੀ ਪਰ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਦੇ ਹਰ ਸਮਾਗਮਾਂ ਦਾ ਬਾਈਕਾਟ ਰੱਖਿਆ ਜਾਵੇਗਾ। 


Related News