4 ਵਾਰ ਅਪਲਾਈ ਕਰਨ ’ਤੇ ਵੀ ਜਾਰੀ ਨਹੀਂ ਕੀਤਾ ਏ. ਟੀ. ਐੱਮ. ਕਾਰਡ

09/19/2018 2:14:49 AM

 ਫ਼ਰੀਦਕੋਟ, (ਹਾਲੀ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਿਜੀਟਲ ਇੰਡੀਆ ਦੇ ਨਾਂ ’ਤੇ ਹਰ ਇਕ ਵਿਅਕਤੀ ਦਾ ਖਾਤਾ ਬੈਂਕ ਵਿਚ ਖੁੱਲ੍ਹਵਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਤਾਂ ਜੋ ਲੋਕ ਆਪਣਾ ਲੈਣ-ਦੇਣ ਬੈਂਕਾਂ ਰਾਹੀਂ ਕਰ ਸਕਣ ਪਰ ਕੁਝ ਬੈਂਕ ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਹਦਾਇਤਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਦੀ ਤਾਜ਼ਾ ਉਦਾਹਰਨ ਫ਼ਰੀਦਕੋਟ ਦੇ ਸਤਲੁਜ ਗ੍ਰਾਮੀਣ ਬੈਂਕ ਤੋਂ ਮਿਲਦੀ ਹੈ, ਜਿਸ ਦੀਆਂ ਮਾਡ਼ੀਆਂ ਸੇਵਾਵਾਂ ਕਾਰਨ ਖਪਤਕਾਰ ਬੇਹੱਦ ਪ੍ਰੇਸ਼ਾਨ ਹਨ। 
ਇਸ ਬੈਂਕ ਵਿਚ ਆਪਣਾ ਖਾਤਾ ਖੁੱਲ੍ਹਵਾਉਣ ਆਏ ਇਕ ਖਪਤਕਾਰ ਨੇ ਦੱਸਿਆ ਕਿ ਉਸ ਨੇ ਆਪਣਾ ਖਾਤਾ 23 ਅਪ੍ਰੈਲ, 2018 ਨੂੰ ਇਸ ਬੈਂਕ ਵਿੱਚ ਖੁੱਲ੍ਹਵਾਇਆ ਸੀ। ਖਾਤਾ ਖੁੱਲ੍ਹਵਾਉਣ ਉਪਰੰਤ ਏ. ਟੀ. ਐੱਮ. ਕਾਰਡ ਲਈ ਅਪਲਾਈ ਕੀਤਾ ਸੀ। ਉਸ ਨੇ ਦੱਸਿਆ ਕਿ ਖਾਤਾ ਖੁੱਲ੍ਹਣ ਤੋਂ ਇਕ ਮਹੀਨੇ ਬਾਅਦ ਏ. ਟੀ. ਐੱਮ. ਕਾਰਡ ਬੈਂਕ ਵੱਲੋਂ ਨਹੀਂ ਭੇਜਿਆ ਗਿਆ ਤਾਂ ਉਹ ਬੈਂਕ ਵਿਚ ਗਿਆ ਤਾਂ ਮੁਲਾਜ਼ਮਾਂ ਨੇ ਕਿਹਾ ਕਿ ਉਸ ਦਾ ਦੁਬਾਰਾ ਏ. ਟੀ. ਐੱਮ. ਕਾਰਡ ਅਪਲਾਈ ਕਰ ਦਿੰਦੇ ਹਾਂ ਪਰ ਦੁਬਾਰਾ ਅਪਲਾਈ ਕਰਨ ਤੋਂ ਬਾਅਦ ਵੀ ਜਾਰੀ ਨਹੀਂ ਕੀਤਾ ਗਿਆ। 
ਉਸ ਨੇ ਦੱਸਿਆ ਕਿ 2 ਮਹੀਨੇ ਬੀਤਣ ਤੋਂ ਬਾਅਦ ਵੀ ਏ. ਟੀ. ਐੱਮ. ਕਾਰਡ ਨਾ ਆਇਆ ਤਾਂ ਉਹ ਦੁਬਾਰਾ ਬੈਂਕ ਗਿਆ ਤਾਂ ਮੁਲਾਜ਼ਮਾਂ ਵੱਲੋਂ ਉਸ ਨੂੰ  ਬ੍ਰਾਂਚ ਵੱਲੋਂ ਇਕ ਏ. ਟੀ. ਐੱਮ. ਕਾਰਡ ਦਿੱਤਾ ਗਿਆ ਅਤੇ ਕਿਹਾ ਕਿ 24 ਘੰਟੇ ਬਾਅਦ ਇਹ ਚੱਲ ਪਵੇਗਾ ਪਰ ਉਹ 48 ਘੰਟਿਅਾਂ ਬਾਅਦ ਵੀ ਨਹੀਂ ਚੱਲਿਆ। ਜਦੋਂ ਇਹ ਏ. ਟੀ. ਐੱਮ. ਕਾਰਡ ਵੀ ਨਾ ਚੱਲਾ ਤਾਂ ਉਹ ਫ਼ਿਰ ਬੈਂਕ ਗਿਆ ਪਰ ਬੈਂਕ ਮੁਲਾਜ਼ਮਾਂ ਵੱਲੋਂ ਫ਼ਿਰ ਉਸ ਦਾ ਏ. ਟੀ. ਐੱਮ. ਕਾਰਡ ਦੁਬਾਰਾ ਅਪਲਾਈ ਕਰ ਦਿੱਤਾ ਗਿਆ ਅਤੇ ਕਿਹਾ ਕਿ 15-20 ਦਿਨਾਂ ਵਿਚ ਆ ਜਾਵੇਗਾ। 
ਸਬੰਧਤ ਖਪਤਕਾਰ ਨੇ ਦੱਸਿਆ ਕਿ 20-25 ਦਿਨਾਂ ਬਾਅਦ ਵੀ ਉਕਤ ਕਾਰਡ ਨਹੀਂ ਆਇਆ। ਉਸ ਨੇ ਦੱਸਿਆ ਕਿ ਬੈਂਕ ਵੱਲੋਂ ਵਾਰ-ਵਾਰ ਉਸ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। 4 ਵਾਰ ਏ. ਟੀ. ਐੱਮ. ਕਾਰਡ ਅਪਲਾਈ ਕਰਨ ਦੇ ਬਾਵਜੂਦ ਉਸ ਨੂੰ ਕਾਰਡ ਜਾਰੀ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਸ ਨੂੰ ਲੈਣਦਾਰੀ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਬੈਂਕ ਦੀਆਂ ਮਾਡ਼ੀਆਂ ਸੇਵਾਵਾਂ ਕਾਰਨ ਉਸ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।  ਉਸ ਨੇ ਕਿਹਾ ਕਿ ਜੇਕਰ ਉਕਤ ਬੈਂਕ ਵੱਲੋਂ ਉਸ ਨੂੰ ਏ. ਟੀ. ਐੱਮ. ਕਾਰਡ ਨਾ ਦਿੱਤਾ ਗਿਆ ਤਾਂ ਉਹ ਮਜਬੂਰ ਹੋ ਕੇ ਅਦਾਲਤ ਦਾ ਸਹਾਰਾ ਲਵੇਗਾ।
 ਕੀ ਕਹਿਣਾ ਹੈ ਬੈਂਕ ਦੇ ਮੈਨੇਜਰ ਦਾ
 ®ਇਸ ਸਬੰਧੀ ਜਦੋਂ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਸ ਕੁਝ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਏ. ਟੀ. ਐੱਮ. ਕਾਰਡ ਅਪਲਾਈ ਹੀ ਕਰ ਸਕਦੇ ਹਨ, ਜਾਰੀ ਹੈੱਡ ਆਫ਼ਿਸ ਨੇ ਕਰਨਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਖਪਤਕਾਰ ਦਾ ਇਕਤ ਕਾਰਡ ਦੁਬਾਰਾ ਅਪਲਾਈ ਕਰ ਦਿੱਤਾ ਗਿਆ ਹੈ, ਜੋ ਕੁਝ ਦਿਨਾਂ ਵਿਚ ਆ ਜਾਵੇਗਾ।


Related News