8.96 ਲੱਖ ਵੋਟਰ ਕਰਨਗੇ 399 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

09/19/2018 2:06:28 AM

ਅੰਮ੍ਰਿਤਸਰ,   (ਨੀਰਜ)-  ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਜ਼ਿਲੇ ਦੇ 8 ਲੱਖ 96 ਹਜ਼ਾਰ 516 ਵੋਟਰ ਬੁੱਧਵਾਰ ਨੂੰ ਕੁਲ 399 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ,  ਜਿਸ ’ਚੋਂ ਜ਼ਿਲਾ ਪ੍ਰੀਸ਼ਦ ਲਈ 58 ਤੇ ਬਲਾਕ ਸੰਮਤੀ ਲਈ 331 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਜਾਣਕਾਰੀ ਅਨੁਸਾਰ ਜ਼ਿਲਾ ਚੋਣ ਅਧਿਕਾਰੀ ਅਤੇ ਡੀ. ਸੀ. ਕਮਲਦੀਪ ਸਿੰਘ ਸੰਘਾ ਦੀ ਅਗਵਾਈ ’ਚ ਸਮੂਹ ਰਿਟਰਨਿੰਗ ਅਫਸਰਾਂ ਵੱਲੋਂ ਆਪਣੇ ਖੇਤਰਾਂ ਦੀਅਾਂ ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ ਕੀਤੀਆਂ ਗਈਆਂ ਅਤੇ ਸਾਰੇ ਪੋਲਿੰਗ ਸਟਾਫ ਮੈਂਬਰ ਆਪਣੇ ਪੋਲਿੰਗ ਬੂਥਾਂ ’ਤੇ ਹੀ ਸੌਣਗੇ। ਬਲਾਕ ਸੰਮਤੀਆਂ ਦੇ 199 ਜ਼ੋਨ ਸਨ, ਜਿਨ੍ਹਾਂ ’ਚੋਂ 44 ਉਮੀਦਵਾਰ ਬਿਨਾਂ ਕਿਸੇ ਚੁਣੌਤੀ ਦੇ ਜੇਤੂ ਐਲਾਨ ਕਰ ਦਿੱਤੇ ਗਏ ਸਨ, ਜਦੋਂ ਕਿ ਜ਼ਿਲਾ ਪ੍ਰੀਸ਼ਦ ਦੀਆਂ 25 ਸੀਟਾਂ ’ਚੋਂ ਇਕ ਉਮੀਦਵਾਰ ਨੂੰ ਜੇਤੂ ਐਲਾਨਿਆ ਗਿਆ ਸੀ। ਇਸੇ ਤਰ੍ਹਾਂ ਜ਼ਿਲਾ ਪ੍ਰੀਸ਼ਦ ਦੀਅਾਂ 24 ਸੀਟਾਂ ’ਤੇ ਚੋਣ ਹੋਣ ਜਾ ਰਹੀ ਹੈ।  ਜ਼ਿਲਾ ਚੋਣ ਅਧਿਕਾਰੀ ਵੱਲੋਂ 10 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੇ ਸਟਾਫ ਨੂੰ ਚੋਣ ਡਿਊਟੀ ਵਿਚ ਤਾਇਨਾਤ ਕੀਤਾ ਗਿਆ ਹੈ, ਜੋ ਰਾਤ ਨੂੰ ਬੂਥਾਂ ’ਤੇ ਹੀ ਸੌਣਗੇ। ਜ਼ਿਲੇ ’ਚ ਕੁਲ 1282 ਬੂਥ ਬਣਾਏ ਗਏ ਹਨ, ਜਿਨ੍ਹਾਂ ’ਚੋਂ 86 ਬੂਥ ਅਤਿ-ਸੰਵੇਦਨਸ਼ੀਲ ਅਤੇ 204 ਬੂਥ ਸੰਵੇਦਨਸ਼ੀਲ ਐਲਾਨ ਕੀਤੇ ਗਏ ਹਨ। ਇਨ੍ਹਾਂ ਬੂਥਾਂ ’ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਨਾਪਸੰਦ ਘਟਨਾ ਨਾਲ ਨਜਿੱਠਿਆ ਜਾ ਸਕੇ।
301 ਉਮੀਦਵਾਰਾਂ ਨੇ ਵਾਪਸ ਲਈ  ਨਾਮਜ਼ਦਗੀ : ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਨਾਮਾਕਣ ਦੀ ਗੱਲ ਕਰੀਏ ਤਾਂ ਕੁਲ 832 ਪੱਤਰ ਦਾਖਲ ਹੋਏ ਸਨ, ਜਿਨ੍ਹਾਂ ’ਚੋਂ 87 ਰੱਦ ਕੀਤੇ ਗਏ, ਗਏ ਜਦੋਂ ਕਿ 301 ਨਾਮਾਕਣ ਪੱਤਰ ਵਾਪਸ ਲੈ ਲਏ ਗਏ। 
ਕਿਹਡ਼ੇ-ਕਿਹਡ਼ੇ ਇਲਾਕੇ? : ਜ਼ਿਲੇ ’ਚ ਅੰਮ੍ਰਿਤਸਰ ਜ਼ਿਲਾ ਪ੍ਰੀਸ਼ਦ, ਅਜਨਾਲਾ, ਹਰਸ਼ਾ ਛੀਨਾ, ਚੋਗਾਵਾਂ, ਮਜੀਠਾ, ਅਟਾਰੀ, ਵੇਰਕਾ,  ਜੰਡਿਆਲਾ ਗੁਰੂ, ਤਰਸਿੱਕਾ ਤੇ ਰਈਆ ’ਚ ਚੋਣਾਂ ਹੋ ਰਹੀਆਂ ਹਨ। 
ਵੋਟਿੰਗ ਦਾ ਸਮਾਂ : ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਬੈਲੇਟ ਪੇਪਰ ਜ਼ਰੀਏ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ। ਸਾਰੇ ਵੋਟਰਾਂ ਲਈ ਵੋਟਰ ਕਾਰਡ ਲਿਆਉਣਾ ਜ਼ਰੂਰੀ ਹੈ, ਜਿਨ੍ਹਾਂ ਕੋਲ ਵੋਟਰ ਕਾਰਡ ਨਹੀਂ ਹਨ ਉਹ ਆਪਣਾ ਕੋਈ ਹੋਰ ਸ਼ਨਾਖਤੀ ਕਾਰਡ ਵੀ ਲਿਆ ਸਕਦੇ ਹਨ। 
ਜ਼ਿਲਾ ਚੋਣ ਅਧਿਕਾਰੀ ਕੋਲ ਇਕ ਵੀ ਚੋਣ ਸ਼ਿਕਾਇਤ ਨਹੀਂ : ਇਕ ਪਾਸੇ ਜਿਥੇ ਸੱਤਾਧਾਰੀ ਪਾਰਟੀ ਕਾਂਗਰਸ ’ਤੇ ਵਿਰੋਧੀ ਦਲ ਸ਼ਿਅਦ (ਬਾਦਲ) ਤੇ ਹੋਰ ਵਿਰੋਧੀ ਦਲਾਂ ਵੱਲੋਂ ਚੋਣ ਹਿੰਸਾ, ਵੋਟਰ ਲਿਸਟ ’ਚ ਗਡ਼ਬਡ਼ੀ, ਉਮੀਦਵਾਰਾਂ ਦੇ ਨਾਮਾਕਣ ਰੱਦ ਕਰਨ ਅਤੇ ਹਿੰਸਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਜ਼ਿਲਾ ਕਾਗਜ਼ਾਂ ਵਿਚ ਅੰਕਡ਼ੇ ਕੁਝ ਹੋਰ ਹੀ ਹਾਲਾਤ ਬਿਆਨ ਕਰ ਰਹੇ ਹਨ।  ਜ਼ਿਲਾ ਚੋਣ ਅਧਿਕਾਰੀ ਦੇ ਦਫਤਰ ਵਿਚ ਮੰਗਲਵਾਰ ਤੱਕ ਇਕ ਵੀ ਚੋਣ ਸ਼ਿਕਾਇਤ ਨਹੀਂ ਆਈ, ਜਦੋਂ ਕਿ ਜ਼ਿਲਾ ਚੋਣ ਅਧਿਕਾਰੀ ਕਮਲਦੀਪ ਸਿੰਘ ਸੰਘਾ, ਜ਼ਿਲਾ ਚੋਣ ਅਧਿਕਾਰੀ ਏ.  ਡੀ. ਸੀ.  (ਡੀ) ਰਵਿੰਦਰ ਸਿੰਘ ਤੇ ਹੋਰ ਰਿਟਰਨਿੰਗ ਅਫਸਰ ਆਪਣੀਆਂ ਸੀਟਾਂ ’ਤੇ ਕੰਮ ਕਰਦੇ ਰਹੇ ਅਤੇ ਚੋਣ ਰਿਹਰਸਲ ਤੋਂ ਬਾਅਦ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਦੇ ਨਜ਼ਰ ਆਏ। ਇਸ ਸਬੰਧੀ ਜਦੋਂ ਜ਼ਿਲਾ ਚੋਣ ਅਧਿਕਾਰੀ ਕਮਲਦੀਪ ਸਿੰਘ ਸੰਘਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਖੇਤਰ ਵਿਚ ਇਕ ਸ਼ਿਕਾਇਤ ਕੁਝ ਦਿਨ ਪਹਿਲਾਂ ਜ਼ਰੂਰ ਮਿਲੀ ਸੀ ਪਰ ਉਸ ਦਾ ਹੱਲ ਕਰ ਦਿੱਤਾ ਗਿਆ ਸੀ, ਫਿਲਹਾਲ ਉਨ੍ਹਾਂ ਕੋਲ ਇਕ ਵੀ ਚੋਣ ਸ਼ਿਕਾਇਤ ਨਹੀਂ ਆਈ, ਜੇਕਰ ਕੋਈ ਵੀ ਪਾਰਟੀ ਉਨ੍ਹਾਂ ਨੂੰ ਚੋਣ ਸ਼ਿਕਾਇਤ ਕਰਦੀ ਹੈ ਤਾਂ ਉਸ ’ਤੇ ਤੁਰੰਤ ਐਕਸ਼ਨ ਲਿਆ ਜਾਵੇਗਾ।

ਅਜਨਾਲਾ, (ਰਮਨਦੀਪ)-  ਭਲਕੇ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਅੱਜ ਬਲਾਕ ਅਜਨਾਲਾ ਨਾਲ ਸੰਬੰਧਤ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਜ਼ੋਨਾਂ ਦੀ ਵੋਟਿੰਗ ਲਈ ਡਿਗਰੀ ਕਾਲਜ ਅਜਨਾਲਾ ਤੋਂ ਚੋਣ ਸਮੱਗਰੀ ਸਮੇਤ ਪੋਲਿੰਗ ਪਾਰਟੀਆਂ ਰਵਾਨਾ ਹੋਈਆਂ।
ਚੋਣ ਰਿਟਰਨਿੰਗ ਅਧਿਕਾਰੀ ਕਮ-ਐੱਸ. ਡੀ. ਐੱਮ. ਅਜਨਾਲਾ ਡਾ. ਰੱਜਤ ਓਬਰਾਏ ਨੇ ਦੱਸਿਆ ਕਿ ਪੰਚਾਇਤ ਸੰਮਤੀ ਅਜਨਾਲਾ ਦੇ 18 ਜ਼ੋਨਾਂ ਲਈ ਕੱਲ 19 ਸਤੰਬਰ ਨੂੰ ਵੋਟਾਂ ਪੈਣਗੀਆਂ ਜਦਕਿ 7 ਜ਼ੋਨਾਂ ਮਹਿਮਦ ਮੰਦਰਾਂਵਾਲਾ, ਘੋਹਨੇਵਾਲਾ, ਜਗਦੇਵ ਖੁਰਦ, ਤੇਡ਼ਾ ਰਾਜਪੂਤਾਂ, ਸਰਾਏ, ਅਵਾਣ ਅਤੇ ਚੱਕ ਸਿਕੰਦਰ ਤੋਂ ਕਾਂਗਰਸ ਪਾਰਟੀ ਨਾਲ ਸੰਬੰਧਤ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਜ਼ੋਨ ਰਮਦਾਸ, ਚਮਿਆਰੀ ਅਤੇ ਵਿਛੋਆ ਲਈ ਵੀ ਵੋਟਾਂ ਪੈਣਗੀਆਂ ਹਨ ਅਤੇ ਅਜਨਾਲਾ ਜ਼ੋਨ ਤੋਂ ਕਾਂਗਰਸੀ ਪਾਰਟੀ ਦੀ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੀ ਹੈ। 
ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾਡ਼੍ਹਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ  : ਡੀ.  ਐੱਸ. ਪੀ.
ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾਡ਼ਨ ਲਈ ਪੁਲਸ ਵੱਲੋਂ ਸੁਰੱਖਿਆ ਦੇ ਕੀਤੇ ਪ੍ਰਬੰਧਾਂ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅਜਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਹਡ਼ੇ-ਜਿਹਡ਼ੇ ਪਿੰਡਾਂ ’ਚ ਵੋਟਾਂ ਪੈਣੀਆਂ ਹਨ ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਅਜਨਾਲਾ, ਚੋਗਾਵਾਂ ਅਤੇ ਹਰਸ਼ਾ ਛੀਨਾ ਲਈ 1000 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਅਜਨਾਲਾ ਦੇ 159 ਪੋਲਿੰਗ ਬੂਥਾਂ ਵਿੱਚੋਂ 14 ਬੂਥ ਸੰਵੇਦਨਸ਼ੀਲ ਅਤੇ 20 ਬੂਥ ਅਤਿ ਸੰਵੇਦਸ਼ਨਸੀਲ, ਬਲਾਕ ਚੋਗਾਵਾਂ ਦੇ 156 ਬੂਥਾਂ ਵਿੱਚੋਂ 32 ਬੂਥ ਸੰਵੇਦਨਸ਼ੀਲ ਅਤੇ 5 ਬੂਥ ਅਤਿ ਸੰਵੇਦਸ਼ਨੀਲ ਅਤੇ ਬਲਾਕ ਹਰਸ਼ਾ ਛੀਨਾ ਦੇ 117 ਬੂਥਾਂ ਵਿੱਚੋਂ 4 ਬੂਥ ਸੰਵੇਦਨਸ਼ੀਲ ਅਤੇ 20 ਬੂਥ ਅਤਿ ਸੰਵੇਦਨਸ਼ੀਲ ਐਲਾਨ ਕੀਤੇ ਗਏ ਹਨ ਜਿੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।


Related News