ਲੀਕੇਜ ਕਾਰਨ ਸਾਫ ਪਾਣੀ ਹੋ ਰਿਹੈ ਬਰਬਾਦ

09/19/2018 1:50:09 AM

ਕਾਠਗਡ਼੍ਹ,  (ਰਾਜੇਸ਼)-  ਕਸਬਾ ਕਾਠਗਡ਼੍ਹ ਦੇ ਜਲ ਘਰ ਦੇ ਨੇਡ਼ਿਓਂ ਲੰਘਦੀ ਮੇਨ ਸਡ਼ਕ ਦੇ ਨਾਲ ਬੀਤੇ ਕਾਫੀ ਸਮੇਂ ਤੋਂ ਪੀਣ ਵਾਲੇ ਸਾਫ ਪਾਣੀ  ਦੀ ਲੀਕੇਜ ਹੋ ਰਹੀ ਹੈ ਪਰ ਇਸ ਨੂੰ ਠੀਕ ਕਰਨ ਦੀ ਬਜਾਏ ਪਾਣੀ ਨੂੰ ਗੰਦੇ ਨਾਲੇ ਵਿਚ ਪਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਉਕਤ  ਹੋ ਰਹੀ ਲੀਕੇਜ  ਕੋਲ ਇਕ ਕਿੱਕਰ ਦਾ ਪੁਰਾਣਾ  ਦਰੱਖਤ ਹੈ। ਇਸ ਲੀਕੇਜ ਨਾਲ ਕਾਫੀ  ਪਾਣੀ ਬਰਬਾਦ  ਹੋ  ਰਿਹਾ  ਹੈ।  ਪਤਾ ਲੱਗਾ ਹੈ ਕਿ ਕਰੀਬ 3 ਇੰਚ  ਵਾਲਾ ਪਾਈਪ ਫਟਿਆ ਹੋਣ ਕਾਰਨ ਘਰਾਂ ਤੱਕ ਪਾਣੀ ਦੀ ਸਪਲਾਈ ਨਹੀਂ ਪਹੁੰਚ ਰਹੀ। ਮੁਲਾਜ਼ਮਾਂ  ਨੇ ਬਚਣ ਲਈ ਲੱਭਿਆ ਨਵਾਂ ਢੰਗ 
ਸੂਤਰਾਂ ਮੁਤਾਬਿਕ ਗੰੰਦੇ ਨਾਲੇ ਦੀ ਕੰਧ ਜੋ ਸਡ਼ਕ ਨਾਲ ਲੱਗਦੀ ਹੈ ਉਸ ਦੀਆਂ ਕੁਝ ਇੱਟਾਂ ਹੇਠੋਂ ਕੱਢ ਕੇ ਮਹਿਕਮੇ ਦੇ ਮੁਲਾਜ਼ਮਾਂ ਨੇ ਪਾਣੀ ਨੂੰ ਗੰਦੇ ਨਾਲੇ ’ਚ ਪਾਉਣ  ਲਈ  ਨਵਾਂ ਢੰਗ ਲੱਭ ਲਿਆ  ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ। 
ਜਲ ਘਰ ’ਚ ਧੋਤੀਆਂ ਜਾਂਦੀਆਂ ਹਨ ਰੇਹਡ਼ੀਆਂ
ਕਾਠਗਡ਼੍ਹ ਦੇ ਜਲ ਘਰ ’ਚ ਗੋਲ-ਗੱਪੇ, ਕੁਲਚੇ ਆਦਿ ਵੇਚਣ ਵਾਲੇ ਆਪਣੀਆਂ ਰੇਹਡ਼ੀਆਂ ਨੂੰ ਧੋਂਦੇ ਹਨ। ਜਿਸ ਨਾਲ ਹਜ਼ਾਰਾਂ ਲਿਟਰ ਸਾਫ਼ ਪਾਣੀ ਬਰਬਾਦ ਹੋ ਰਿਹਾ  ਹੈ। ਕਸਬਾ ਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਉਕਤ ਲੀਕੇਜ ਨੂੰ ਤੁਰੰਤ ਠੀਕ ਕਰਵਾਇਆ  ਜਾਵੇ ਤਾਂ ਜੋ ਸਪਲਾਈ ਠੀਕ ਹੋ ਸਕੇ। 
ਜਲਦੀ ਠੀਕ ਕੀਤੀ ਜਾਵੇਗੀ ਲੀਕੇਜ :  ਜੇ. ਈ
ਜਦੋਂ ਵਿਭਾਗ ਦੇ ਜੇ.ਈ. ਨਰਿੰਦਰ  ਕੁਮਾਰ ਸੂਦਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਲੀਕੇਜ ਨੂੰ ਜਲਦੀ ਹੀ ਠੀਕ ਕਰਾਉਣ ਲਈ ਕਿਹਾ। 
 


Related News