ਵਾਹਨ ਚੋਰ ਗਿਰੋਹ ਨੂੰ ਦਬੋਚਣ ਲਈ ਦਿੱਲੀ ਪੁਲਸ ਮੋਗਾ ਪੁੱਜੀ

09/19/2018 1:45:35 AM

ਮੋਗਾ, (ਅਜ਼ਾਦ)- ਦਿੱਲੀ ਤੋਂ ਕੀਮਤੀ ਗੱਡੀਆਂ ਚੋਰੀ ਕਰਕੇ ਪੰਜਾਬ ਅਤੇ ਹੋਰ ਰਾਜਾਂ ਵਿਚ ਵਿਕਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਦੇ ਲਈ ਦਿੱਲੀ ਕਰਾਈਮ ਬ੍ਰਾਂਚ ਦੀ ਇਕ ਟੀਮ ਅੱਜ ਥਾਣੇਦਾਰ ਕੁਲਦੀਪ ਸਿੰਘ ਦੀ ਅਗਵਾਈ ਵਿਚ ਮੋਗਾ ਪੁੱਜੀ, ਜਿੰਨਾਂ ਨੇ ਕਈ ਜਗ੍ਹਾ ਛਾਪਾਮਾਰੀ ਕਰਕੇ ਦੋ ਵਿਅਕਤੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲਿਆ। ਦਿੱਲੀ ਕਰਾਈਮ ਬ੍ਰਾਂਚ ਦੀ ਟੀਮ ਦੇ ਮੋਗਾ ਪਹੁੰਚਣ ’ਤੇ ਗੱਡੀਆਂ ਦੀ ਸੇਲ ਪਰਚੇਜ਼ ਕਰਨ ਵਾਲੇ ਲੋਕਾਂ ਵਿਚ ਹਡ਼ਕੰਪ ਮੱਚਿਆ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਕਰਾਈਮ ਬ੍ਰਾਂਚ ਦੀ ਟੀਮ ਨੇ ਪੁੱਛ-ਗਿੱਛ ਲਈ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ, ਜਿੰਨਾਂ ਦੀ ਨਿਸ਼ਾਨਦੇਹੀ ਤੇ ਮੋਗਾ ਅਤੇ ਫਰੀਦਕੋਟ ਵਿਚ ਛਾਪਾਮਾਰੀ ਕੀਤੇ ਜਾਣ ਦਾ ਪਤਾ ਲੱਗਾ ਹੈ ਤਾਂ ਕਿ ਦਿੱਲੀ ਤੋਂ ਚੋਰੀ ਹੋਈਆਂ ਗੱਡੀਆਂ ਬਰਾਮਦ ਕੀਤੀਆਂ ਜਾ ਸਕਣ। 
ਜਾਣਕਾਰੀ ਅਨੁਸਾਰ ਮੋਗਾ ਪੁਲਸ ਵਲੋਂ ਕਈ ਵਾਰ ਚੋਰ ਗਿਰੋਹ ਨੂੰ ਕਾਬੂ ਕਰਨ ਦੇ ਇਲਾਵਾ ਉਨ੍ਹਾਂ  ਤੋਂ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਗੱਡੀਆਂ ਦੇ ਜਾਅਲੀ ਦਸਤਾਵੇਜ ਤਿਆਰ ਕਰਨ ਵਾਲੇ ਦਲਾਲਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ  ਤੋਂ ਟਰਾਂਸਪੋਰਟ ਅਧਿਕਾਰੀਆਂ ਦੀ ਨਕਲੀ ਮੋਹਰਾਂ ਵੀ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜਦ ਇਸ ਸੰਬੰਧ ਵਿਚ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ  ਦੱਸਿਆ ਕਿ ਥਾਣੇਦਾਰ ਕੁਲਦੀਪ ਸਿੰਘ ਦੀ ਅਗਵਾਈ ਵਿਚ ਦਿੱਲੀ ਕਰਾਈਮ ਬ੍ਰਾਂਚ ਦੀ ਟੀਮ ਮੋਗਾ ਆਈ ਹੈ, ਜਿੰਨਾਂ ਨੇ ਸਾਨੂੰ ਸੂਚਿਤ ਕੀਤਾ ਅਤੇ ਉਹ ਚੋਰੀ ਦੀਆਂ ਗੱਡੀਆਂ ਬਰਾਮਦ ਕਰਨ ਦੇ ਲਈ ਇੱਥੇ ਆਏ  ਹਨ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ  ਮੋਗਾ ਜਾਂ ਆਸ-ਪਾਸ ਦੇ ਇਲਾਕਿਆਂ ਤੋਂ ਚੋਰੀ ਕੀਤੀਆਂ ਕਿੰਨੀਆਂ ਗੱਡੀਆਂ ਬਰਾਮਦ ਕੀਤੀ ਹੈ ਜਾਂ ਜਾਅਲੀ ਦਸਤਾਵੇਜਾਂ ਤਿਆਰ ਕਰਨ ਵਾਲੇ ਕਾਬੂ ਕੀਤੇ ਹਨ। ਥਾਣਾ ਮੁਖੀ ਨੇ ਕਿਹਾ ਕਿ ਕਰਾਈਮ ਬ੍ਰਾਂਚ ਦੀ ਟੀਮ ਵਾਪਸ ਆਉਣ ’ਤੇ ਹੀ ਪਤਾ ਚੱਲ ਸਕੇਗਾ ਕਿ ਉਨ੍ਹਾਂ ਕੁੱਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਾਂ ਹਿਰਾਸਤ ਵਿਚ ਲਿਆ ਹੈ ਅਤੇ ਚੋਰੀ ਕੀਤੀਆਂ ਗੱਡੀਆਂ ਦੀ ਨਿਸ਼ਾਨਦੇਹੀ ਹੋਈ ਹੈ ਜਾਂ ਨਹੀਂ। ਥਾਣਾ ਮੁਖੀ ਮੁਖੀ ਨੇ ਕਿਹਾ ਕਿ ਮੋਗਾ ਪੁਲਸ ਵੀ ਬਾਹਰੀ ਰਾਜਾਂ  ਤੋਂ ਗੱਡੀਆਂ ਚੋਰੀ ਕਰਕੇ ਲਿਆਉਣ ਵਾਲਿਆਂ ਅਤੇ ਉਨ੍ਹਾਂ ਦੇ ਜਾਅਲੀ ਦਸਤਾਵੇਜ ਤਿਆਰ ਕਰਨ ਵਾਲੇ ਦਲਾਲਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਦਬੋਚ ਲਿਆ ਜਾਵੇਗਾ।


Related News