43ਵਾਂ ਸ਼ਤਰੰਜ ਓਲੰਪੀਆਡ : ਰੂਸ ਦੁਹਰਾਅ ਸਕਦੈ ਸੁਨਹਿਰੀ ਇਤਿਹਾਸ

09/19/2018 1:13:15 AM

ਬਾਤੁਮਿ— 43ਵੇਂ ਸ਼ਤਰੰਜ ਓਲੰਪੀਆਡ ਜਾਂ ਇਹ ਕਹੋ ਕਿ ਕਿਸੇ ਵੀ ਇਕ ਖੇਡ ਦੇ ਦੁਨੀਆ ਵਿਚ ਸਭ ਤੋਂ ਵੱਡੇ ਆਯੋਜਨ ਦੇ ਸ਼ੁਰੂ ਹੋਣ ਵਿਚ ਹੁਣ ਸਿਰਫ 5 ਦਿਨ ਬਾਕੀ ਰਹਿ ਗਏ ਹਨ। ਅੱਜ ਅਸੀਂ ਗੱਲ ਕਰਾਂਗੇ ਰੂਸ ਬਾਰੇ।
ਰੂਸ ਸ਼ਤਰੰਜ ਓਲੰਪੀਆਡ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ ਤੇ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਰੂਸ ਦਾ ਦਬਦਬਾ ਹਮੇਸ਼ਾ ਬਣਿਆ ਰਿਹਾ। 1992 ਤੋਂ ਲੈ ਕੇ 2002 ਤਕ ਰੂਸ ਨੇ ਲਗਾਤਾਰ 5 ਵਾਰ ਸੋਨ ਤਮਗਾ ਜਿੱਤ ਕੇ ਜਿਹੜਾ ਰਿਕਾਰਡ ਬਣਾਇਆ ਹੈ, ਉਹ ਅੱਜ ਤਕ ਬਰਕਰਾਰ ਹੈ। ਪਰ ਇਸ ਤੋਂ ਬਾਅਦ ਰੂਸ ਪਿਛਲੇ 7 ਓਲੰਪੀਆਡ ਵਿਚ ਸੋਨ ਤਮਗਾ ਨਹੀਂ ਜਿੱਤ ਸਕਿਆ ਸਗੋਂ ਉਸ ਦੇ ਨਾਂ ਸਿਰਫ 3 ਚਾਂਦੀ ਤੇ 1 ਕਾਂਸੀ ਤਮਗਾ ਹੀ ਆਇਆ। ਟੀਮ ਵਿਚ ਇਸ ਵਾਰ ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮਿਰ ਕ੍ਰਾਮਨਿਕ (2779), ਇਯਾਨ ਨੇਪੋਮਨਿਯਚੀ (2768), ਸੇਰਗੀ ਕਰਜ਼ਾਕਿਨ (2760), ਦਿਮਿਤ੍ਰੀ ਜਾਕੋਵੇਂਕੋ (2747) ਤੇ ਨਿਕਿਤਾ ਵਿਤੁਗੋਵ (2726) ਸ਼ਾਮਲ ਹਨ।
ਕ੍ਰਾਮਨਿਕ, ਕਰਜ਼ਾਕਿਨ ਤੇ ਨੇਪੋਮਨਿਯਚੀ 'ਤੇ ਨਜ਼ਰਾਂ
ਮਜ਼ਬੂਤੀ : ਕਲਾਸੀਕਲ ਸ਼ਤਰੰਜ ਦੇ ਸਭ ਤੋਂ ਮਹਾਨ ਖਿਡਾਰੀਆਂ ਵਿਚ ਸ਼ਾਮਲ ਸਾਬਕਾ ਵਿਸ਼ਵ ਚੈਂਪੀਅਨ ਕ੍ਰਾਮਨਿਕ ਦਾ ਤਜਰਬਾ ਤੇ ਅਗਵਾਈ ਅਤੇ ਵਿਸ਼ਵ ਬਲਿਟਜ਼ ਸ਼ਤਰੰਜ ਦੇ ਬਾਦਸ਼ਾਹ ਕਰਜ਼ਾਕਿਨ ਜੇਕਰ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਟੀਮ ਕਿਸੇ ਨੂੰ ਵੀ ਹਰਾ ਸਕਦੀ ਹੈ। ਨਾਲ ਹੀ ਟੀਮ ਦੇ ਸਾਰੇ ਖਿਡਾਰੀ ਤਕਨੀਕੀ ਤੌਰ 'ਤੇ ਵੀ ਕਾਫੀ ਮਜ਼ਬੂਤ ਹਨ।
ਕਮਜ਼ੋਰੀ : ਪਿਛਲੇ ਕਈ ਓਲੰਪੀਆਡ ਵਿਚ ਰੂਸ ਨੂੰ ਕਈ ਵਾਰ ਕਾਫੀ ਕਮਜ਼ੋਰ ਮੰਨੀਆਂ ਜਾਣ ਵਾਲੀਆਂ ਟੀਮਾਂ ਹੱਥੋਂ ਉਲਟਫੇਰ ਦਾ ਸਾਹਮਣਾ ਕਰਨਾ ਪਿਆ, ਅਜਿਹੀ ਹਾਲਤ ਵਿਚ ਇਸ ਨੂੰ ਕਿਸੇ ਵੀ ਟੀਮ ਨੂੰ ਹਲਕੇ 'ਚ ਲੈਣਾ ਭਾਰੀ ਪੈ ਸਕਦਾ ਹੈ। ਇਸ ਤੋਂ ਇਲਾਵਾ ਮੈਚ ਦੌਰਾਨ ਖਿਡਾਰੀਆਂ ਦੀ ਚੋਣ 'ਚ ਵੀ ਰੂਸ ਨੂੰ ਚੌਕਸੀ ਵਰਤਣੀ ਪਵੇਗੀ। 


Related News