9,64,158 ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

09/19/2018 1:13:54 AM

ਹੁਸ਼ਿਆਰਪੁਰ,   (ਘੁੰਮਣ)-  ਹੁਸ਼ਿਆਰਪੁਰ ਜ਼ਿਲੇ ਵਿਚ ਜ਼ਿਲਾ ਪ੍ਰੀਸ਼ਦ ਦੇ 25 ਜ਼ੋਨਾਂ ਅਤੇ 10 ਬਲਾਕ ਸੰਮਤੀਆਂ ਦੇ 208 ਜ਼ੋਨਾਂ ਦੀਆਂ ਚੋਣਾਂ ਲਈ 19 ਸਤੰਬਰ ਨੂੰ ਸਵੇਰੇ 8 ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ।  ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾਡ਼੍ਹਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਚਾਇਤ ਸੰਮਤੀਆਂ ਲਈ 211 ਜ਼ੋਨਾਂ ਦੀ ਚੋਣ ਹੋਣੀ ਸੀ, ਪਰ ਤਿੰਨ ਪੰਚਾਇਤ ਸੰਮਤੀਆਂ ਵਿਚੋਂ ਗਡ਼੍ਹਸ਼ੰਕਰ ਜ਼ੋਨ ਦੇ ਮਾਨਸੋਵਾਲਾ, ਟਾਂਡਾ ਦੇ ਘੋਡ਼ੇਵਾਹਾ ਅਤੇ ਤਲਵਾਡ਼ਾ ਦੇ ਬਰਿੰਗਲੀ ਜ਼ੋਨਾਂ ਵਿਚ ਸਰਬਸੰਮਤੀ ਨਾਲ ਚੋਣ ਹੋ ਗਈ ਹੈ, ਜਿਸ ਨਾਲ ਇਹ ਗਿਣਤੀ 208 ਰਹਿ ਗਈ ਹੈ। ਉਨ੍ਹਾਂ ਜ਼ਿਲੇ ਦੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਅਤੇ ਭੈਅ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ। 
ਸ਼੍ਰੀਮਤੀ ਈਸ਼ਾ ਕਾਲੀਆ ਨੇ ਚੋਣ ਪ੍ਰਕਿਰਿਆ ਨਾਲ ਜੁਡ਼ੇ ਸਮੂਹ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਸੀ ਤਾਲਮੇਲ ਅਤੇ ਯੋਜਨਾਬੱਧ ਤਰੀਕਿਆਂ ਨਾਲ ਡਿਊਟੀਆਂ ਨਿਭਾਉਣ, ਤਾਂ ਜੋ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚਾਡ਼੍ਹੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 1683 ਪੋਲਿੰਗ ਬੂਥਾਂ ’ਤੇ 9,64,158 ਵੋਟਰ ਆਪਣੇ ਵੋਟ ਦੇ  ਅਧਿਕਾਰ  ਦੀ  ਵਰਤੋਂ  ਕਰਨਗੇ, ਜਿਨ੍ਹਾਂ ਵਿਚ 4,94, 959 ਪੁਰਸ਼, 4,67,194 ਔਰਤਾਂ ਅਤੇ 5 ਥਰਡ ਜੈਂਡਰ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 343 ਸੰਵੇਦਨਸ਼ੀਲ ਅਤੇ 41 ਅਤਿ-ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ। ਸਾਰੇ ਬੂਥਾਂ ’ਤੇ ਕਰੀਬ 9300 ਚੋਣ ਅਮਲੇ ਦੀ ਤਾਇਨਾਤੀ ਕਰ ਕੇ ਅੱਜ ਇਨ੍ਹਾਂ ਸਾਰਿਆਂ ਨੂੰ ਚੋਣ ਸਮੱਗਰੀ ਦੇ ਕੇ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। 19 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਉਨ੍ਹਾਂ ਸਾਰੇ ਮੁਲਾਜ਼ਮਾਂ, ਜਿਨ੍ਹਾਂ ਦੀ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਵਿਚ ਵੋਟ ਹੈ, ਲਈ ਪੇਡ ਛੁੱਟੀ ਐਲਾਨੀ ਗਈ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਿੱਖਿਅਕ ਅਦਾਰਿਆਂ ਵਿਚ ਵੀ ਛੁੱਟੀ ਰਹੇਗੀ। ਪੋਲਿੰਗ ਪਾਰਟੀਆਂ ਦਾ ਹੌਸਲਾ ਵਧਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਵਿਚ ਲੱਗੇ ਸਟਾਫ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਕਿਰਿਆ ਦਾ ਹਿੱਸਾ ਬਣ ਰਹੇ ਹਨ।

ਅੱਜ ਹੋਵੇਗਾ ‘ਡਰਾਈ ਡੇਅ’
ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਨੇ ਜ਼ਿਲੇ ਵਿਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀ ਚੋਣ ਪ੍ਰਕਿਰਿਆ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ 19 ਸਤੰਬਰ ਨੂੰ ਵੋਟਾਂ ਵਾਲੇ ਦਿਨ ‘ਡਰਾਈ ਡੇਅ’ ਐਲਾਨਿਆ ਹੈ।
ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਹੁਸ਼ਿਆਰਪੁਰ ਵਿਚ ਪੈਂਦੀਆਂ ਗਰਾਮ ਪੰਚਾਇਤਾਂ ਦੇ ਅਧਿਕਾਰ ਖੇਤਰ ਵਿਚ 19 ਸਤੰਬਰ ਨੂੰ ‘ਡਰਾਈ ਡੇਅ’ ਅੈਲਾਨਦਿਆਂ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਸ਼ਰਾਬ ਸਟੋਰ ਕਰਨ ’ਤੇ ਪੂਰਨ  ਰੋਕ ਲਾ ਦਿੱਤੀ ਹੈ। ਇਹ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ, ’ਤੇ ਵੀ ਪੂਰਨ ਤੌਰ ’ਤੇ ਲਾਗੂ ਰਹੇਗਾ। ਇਸ ਤੋਂ ਇਲਾਵਾ ਇਹ ਹੁਕਮ ਮਿਊਂਸੀਪਲ ਕਮੇਟੀਆਂ ਅਤੇ ਮਿਊਂਸੀਪਲ ਕਾਰਪੋਰੇਸ਼ਨਾਂ ਦੀ ਹਦੂਦ ਵਿਚ ਲਾਗੂ ਨਹੀਂ ਹੋਵੇਗਾ। ਇਹ ਹੁਕਮ 22 ਸਤੰਬਰ ਨੂੰ ਵੋਟਾਂ ਦੀ ਗਿਣਤੀ ਲਈ ਸਥਾਪਤ ਕੀਤੇ ਕੇਂਦਰਾਂ ਵਾਲੇ ਸਥਾਨਾਂ ’ਤੇ ਵੀ ਲਾਗੂ ਰਹੇਗਾ।


Related News