ਸੂਬੇ ਦੇ ਡੇਢ ਕਰੋੜ ਵੋਟਰ ਅੱਜ ਕਰਨਗੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਪੋਲਿੰਗ

09/19/2018 12:50:25 AM

ਚੰਡੀਗੜ੍ਹ— ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਕਮੇਟੀ ਦੀਆਂ ਚੋਣਾਂ ਪੰਜਾਬ 'ਚ ਅੱਜ ਹੋਣਗੀਆਂ। ਅੱਜ ਹੋਣ ਵਾਲੀਆਂ ਚੋਣਾਂ ਲਈ 22 ਜ਼ਿਲਿਆਂ ਤੋਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ ਮੈਂਬਰਾਂ ਦੀ ਚੋਣ ਕਰਨ ਲਈ ਡੇਢ ਕਰੋੜ ਦੇ ਲਗਭਗ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਥੇ ਦੱਸ ਦਈਏ ਕਿ ਸੂਬੇ ਭਰ 'ਚ 22 ਜ਼ਿਲਾ ਪ੍ਰੀਸ਼ਦਾਂ ਲਈ 354 ਅਤੇ 150 ਪੰਚਾਇਤ ਸੰਮਤੀਆਂ ਲਈ 2900 ਮੈਂਬਰ ਚੁਣੇ ਜਾਣੇ ਹਨ। ਸੂਬੇ 'ਚ ਹੋਣ ਵਾਲੀਆਂ ਇਨ੍ਹਾਂ ਚੋਣਾਂ 'ਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਇਨ੍ਹਾਂ ਚੋਣਾਂ ਦੌਰਾਨ ਈ. ਵੀ. ਐੱੱਮ. ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਇਨ੍ਹਾਂ ਚੋਣਾਂ ਦੀ ਪੋਲਿੰਗ ਪ੍ਰਕਿਰਿਆ ਬੈਲੇਟ ਪੇਪਰਾਂ ਰਾਹੀਂ ਹੋਵੇਗੀ, ਜਿਸ ਦਾ ਨਤੀਜਾ 22 ਸਤੰਬਰ ਨੂੰ ਐਲਾਨਿਆ ਜਾਵੇਗਾ। 

ਵੋਟਰ ਇਕ ਸਮੇਂ 'ਚ ਪਾ ਸਕਣਗੇ 2 ਵੋਟਾਂ 
ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਰ ਪੋਲਿੰਗ ਬੂਥ 'ਤੇ ਪਹੁੰਚ ਕੇ ਇਕੋਂ ਸਮੇਂ ਹੀ 2 ਵੋਟਾਂ ਪੋਲ ਕਰ ਸਕਣਗੇ। ਜਿਸ 'ਚ ਇਕ ਵੋਟ ਜ਼ਿਲਾ ਪ੍ਰੀਸ਼ਦ ਲਈ ਅਤੇ ਦੂਜੀ ਬਲਾਕ ਸੰਮਤੀ ਲਈ ਹੋਵੇਗੀ। ਜ਼ਿਲਾ ਪ੍ਰੀਸ਼ਦ ਦੀ ਵੋਟ ਪੋਲ ਕਰਨ ਲਈ ਬੈਲੇਟ ਬਾਕਸ ਪੀਲੇ ਰੰਗ ਦਾ ਅਤੇ ਬਲਾਕ ਸੰਮਤੀ ਦੀ ਵੋਟ ਪੋਲ ਕਰਨ ਲਈ ਬੈਲੇਟ ਬਾਕਸ ਸਫੈਦ ਰੰਗ ਦਾ ਹੋਵੇਗਾ। 

'ਡਰਾਈ ਡੇਅ' ਦੌਰਾਨ ਹੋਵੇਗੀ ਛੁੱਟੀ 
ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਕਾਰਨ ਸੂਬੇ ਭਰ 'ਚ ਅੱਜ 'ਡਰਾਈ ਡੇਅ' ਰੱਖਿਆ ਗਿਆ ਹੈ। ਇਸ ਦੌਰਾਨ ਦਾਰੂ ਦੇ ਠੇਕੇ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੇ। ਚੋਣਾਂ ਨੂੰ ਮੁੱਖ ਰੱਖਦਿਆਂ ਸਰਕਾਰ ਵਲੋਂ ਅੱਜ ਸਰਕਾਰੀ ਛੁੱਟੀ ਐਲਾਨੀ ਗਈ ਹੈ, ਜਿਸ ਦੌਰਾਨ ਸਾਰੇ ਸਰਕਾਰੀ ਵਿਦਿਅਕ ਅਦਾਰੇ, ਕਾਲਜ ਤੇ ਦਫਤਰ ਬੰਦ ਰਹਿਣਗੇ। 
 




 


Related News