789 ਬੂਥਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਪੈਣਗੀਆਂ ਵੋਟਾਂ

09/19/2018 12:29:47 AM

ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)-  ਜ਼ਿਲਾ ਗੁਰਦਾਸਪੁਰ ਅੰਦਰ ਜ਼ਿਲਾ ਪ੍ਰੀਸ਼ਦ ਦੇ 25 ਜ਼ੋਨਾਂ ਅਤੇ 11 ਬਲਾਕ ਸੰਮਤੀਆਂ ਦੇ 213 ਜ਼ੋਨਾਂ ’ਚੋਂ ਖ਼ਾਲੀ ਰਹਿ ਗਏ ਜ਼ੋਨਾਂ ’ਤੇ ਵੋਟਾਂ ਪਵਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਸ ਤਹਿਤ ਅੱਜ ਬਾਅਦ ਦੁਪਹਿਰ ਸੁਰੱਖਿਆ ਬਲਾਂ ਦੇ ਨਾਲ ਪੋਲਿੰਗ ਪਾਰਟੀਆਂ ਵੱਖ-ਵੱਖ ਬੂਥਾਂ ’ਤੇ ਪਹੁੰਚ ਗਈਆਂ ਹਨ। 
ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰੀਸ਼ਦ ਦੇ 25 ਜ਼ੋਨਾਂ ’ਚੋਂ 13 ਜ਼ੋਨਾਂ ’ਤੇ ਪਹਿਲਾਂ ਹੀ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ। ਜਦਕਿ ਬਲਾਕ ਸੰਮਤੀ ਦੇ 213 ’ਚੋਂ 143 ਜ਼ੋਨਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਜਾਣ ਕਾਰਨ ਸਿਰਫ਼ 70 ਜ਼ੋਨਾਂ ’ਤੇ ਵੋਟਾਂ ਪੈਣੀਆਂ ਹਨ। ਇਸ ਤਰ੍ਹਾਂ ਜ਼ਿਲਾ ਪ੍ਰੀਸ਼ਦ ਦੇ ਤਕਰੀਬਨ 31 ਉਮੀਦਵਾਰ ਚੋਣ ਮੈਦਾਨ ’ਚ ਹਨ। ਜਦੋਂ ਕਿ 155 ਉਮੀਦਵਾਰ ਬਲਾਕ ਸੰਮਤੀ ਦੀ ਚੋਣ ਲਡ਼ ਰਹੇ ਹਨ। ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਲਈ ਕਰੀਬ 3945 ਪੋਲਿੰਗ ਕਰਮਚਾਰੀ ਅਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਜਦਕਿ ਵੋਟਾਂ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਸੁਰੱਖਿਆ ਲਈ ਪੈਰਾ ਮਿਲਟਰੀ ਫੋਰਸ ਅਤੇ ਪੁਲਸ ਦੇ 2367 ਜਵਾਨ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਬੂਥ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਡ਼੍ਹਾਈ ਜਾਵੇਗੀ। ਉਨ੍ਹਾਂ ਅੱਜ ਵੱਖ-ਵੱਖ ਸੈਂਟਰਾਂ ਦਾ ਦੌਰਾ ਕੀਤਾ ਗਿਆ, ਜਿਥੋਂ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਗਈਆਂ ਸਨ।
 ®ਸਵੇਰੇ 8 ਤੋਂ 4 ਵਜੇ ਤੱਕ ਹੋਵੇਗੀ ਵੋਟਿੰਗ 
 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ, ਜਿਸ ਤਹਿਤ ਵੱਖ-ਵੱਖ ਪੋਲਿੰਗ ਬੂਥਾਂ ’ਤੇ ਵੋਟਰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਸਮੁੱਚੇ ਪੋਲਿੰਗ ਸਟਾਫ਼ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੇਕ ਵੋਟਰ ਕਿਸੇ ਵੀ ਤਰ੍ਹਾਂ ਦੇ ਲਾਲਚ, ਡਰ ਅਤੇ ਭੈਅ ਤੋਂ ਮੁਕਤ ਹੋ ਕੇ ਆਪਣੀ ਵੋਟ ਜ਼ਰੂਰ ਪਾਵੇ। ਵੋਟਾਂ ਪੈਣ ਦੀ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਿੰਗ ਬਕਸਿਅਾਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਹੇਠ ਰੱਖਣ ਲਈ ਵੱਖ-ਵੱਖ ਸਥਾਨਾਂ ਤੇ ਸਟਰਾਂਗ ਰੂਮ ਬਣਾਏ ਗਏ ਹਨ, ਜਿਥੇ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।  
ਅਨੇਕਾਂ ਹਲਕਿਆਂ ’ਚ ਨਹੀਂ ਹੋਵੇਗੀ ਪੋਲਿੰਗ
ਵਿਧਾਨ ਸਭਾ ਹਲਕਾ ਗੁਰਦਾਸਪੁਰ, ਫਤਿਹਗਡ਼੍ਹ ਚੂਡ਼ੀਆਂ, ਡੇਰਾ ਬਾਬਾ ਨਾਨਕ ਆਦਿ ਸਮੇਤ ਵੱਖ-ਵੱਖ ਹਲਕਿਆਂ ’ਚ ਅਕਾਲੀ ਦਲ ਵੱਲੋਂ ਬਾਈਕਾਟ ਕਰ ਦਿੱਤੇ ਜਾਣ ਕਾਰਨ ਇਨ੍ਹਾਂ ਹਲਕਿਆਂ ’ਚ ਇਕ ਤਰਫਾ ਮੁਕਾਬਲਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਅਨੇਕਾਂ ਜ਼ੋਨਾਂ ’ਤੇ ਕਾਂਗਰਸੀ ਉਮੀਦਵਾਰਾਂ ਦੇ ਬਿਨਾਂ ਮੁਕਾਬਲਾ ਜੇਤੂ ਰਹਿਣ ਕਾਰਨ ਇਨ੍ਹਾਂ ਜ਼ੋਨਾਂ ਅਧੀਨ ਵੱਖ-ਵੱਖ ਪਿੰਡਾਂ ’ਚ ਕੋਈ ਚੋਣ ਸਰਗਰਮੀ ਨਹੀਂ ਹੋਵੇਗੀ। 

 


Related News