ਤਹਿਸੀਲਦਾਰ ਖਿਲਾਫ ਮੰਗ ਪੱਤਰ ਦੇਣ ਗਏ ਪ੍ਰਾਪਰਟੀ ਡੀਲਰ ਏ. ਡੀ. ਸੀ. ਦੇ ਵਤੀਰੇ ਤੋਂ ਖਫਾ

09/19/2018 12:22:05 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਡੀ. ਸੀ. ਦਫਤਰ ’ਚ ਉਸ ਸਮੇਂ ਹੰਗਾਮਾ ਖਡ਼੍ਹਾ ਹੋ ਗਿਆ ਜਦੋਂ ਤਹਿਸੀਲਦਾਰ ਖਿਲਾਫ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂ ਮੁੱਖ ਮੰਤਰੀ ਦੇ ਨਾਂ ’ਤੇ ਮੰਗ ਪੱਤਰ ਦੇਣ ਲਈ ਆਏ  ਪਰ ਡੀ. ਸੀ. ਦੇ ਆਪਣੇ ਦਫਤਰ ’ਚ ਨਾ ਹੋਣ ਕਾਰਨ ਉਹ ਏ. ਡੀ. ਸੀ. ਮੈਡਮ ਨੂੰ ਮੰਗ ਪੱਤਰ ਦੇਣ ਲਈ ਉਨ੍ਹਾਂ ਦੇ ਕਮਰੇ ’ਚ ਚਲੇ ਗਏ। ਏ. ਡੀ. ਸੀ.  ਵੱਲੋਂ ਇਹ ਕਹਿਣ ’ਤੇ ਕਿ ਉਨ੍ਹਾਂ ਦੇ ਕਮਰੇ ’ਚ ਸਿਰਫ 5 ਵਿਅਕਤੀ ਹੀ ਆਉਣ, ’ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂ ਭਡ਼ਕ ਉਠੇ। ਉਨ੍ਹਾਂ ਨੇ ਏ. ਡੀ. ਸੀ. ਦੇ ਦਫਤਰ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
 ®ਮੋਹਤਬਰ ਹੀ  ਦੇਣ ਗਏ ਸਨ ਮੰਗ ਪੱਤਰ  ਪਰ ਸਾਡੀ ਬੇਇੱਜ਼ਤੀ ਕੀਤੀ ਗਈ
  ਪ੍ਰਾਪਰਟੀ ਡੀਲਰ ਐਸੋ. ਦੇ ਆਗੂ ਅਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਰਘੁਵੀਰ ਪ੍ਰਕਾਸ਼ ਗਰਗ ਤੇ ਨਰਿੰਦਰ ਸ਼ਰਮਾ ਨੇ ਕਿਹਾ ਕਿ ਏ. ਡੀ. ਸੀ. ਮੈਡਮ ਨੂੰ 6-7 ਮੋਹਤਬਰ ਵਿਅਕਤੀ ਹੀ ਮੰਗ ਪੱਤਰ ਦੇਣ ਲਈ ਗਏ ਸਨ ਪਰ ਉਨ੍ਹਾਂ ਨੇ ਸਾਨੂੰ ਬੇਇੱਜ਼ਤ ਕੀਤਾ ਅਤੇ ਕਿਹਾ ਕਿ 5 ਵਿਅਕਤੀ ਹੀ  ਦਫਤਰ ਅੰਦਰ ਆਉਣ। ਜੇਕਰ 7 ਮੋਹਤਬਰ ਵਿਅਕਤੀ ਚਲੇ ਗਏ ਤਾਂ ਇਹ ਕੋਈ ਵੱਡੀ ਗੱਲ ਨਹੀਂ ਸੀ। ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਮੰਗ ਪੱਤਰ ਮੁੱਖ ਮੰਤਰੀ ਦੇ ਨਾਂ ’ਤੇ ਦੇਣ ਲਈ ਗਏ ਸੀ। ਤਹਿਸੀਲਦਾਰ ਵੱਲੋਂ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ ਕਿਉਂਕਿ 5 ਵਜੇ ਦੇ ਕਰੀਬ ਉਹ ਰਜਿਸਟਰੀਆਂ ਕਰਨ ਲਈ ਬੈਠਦੇ ਹਨ। ਸਾਡੀ ਮੰਗ ਹੈ ਕਿ ਤਹਿਸੀਲਦਾਰ ਬਰਨਾਲਾ ਨੂੰ ਡਿਸਮਿਸ ਕਰ ਕੇ ਨਵੇਂ ਤਹਿਸੀਲਦਾਰ ਨੂੰ ਬਰਨਾਲਾ ਵਿਖੇ ਲਾਇਆ ਜਾਵੇ। ਇਸ ਮੌਕੇ  ਰਾਜੇਸ਼ ਕੁਮਾਰ ਰਾਜੂ, ਜੀਵਨ ਗੋਲਾ ਸੰਘੇਡ਼ਾ, ਸੁਭਾਸ਼ ਕੁਮਾਰ, ਨਿੱਕੀ, ਰਵੀ ਕੁਮਾਰ ਆਦਿ ਹਾਜ਼ਰ ਸਨ। 
 ਕੀ ਕਹਿਣੈ ਏ. ਡੀ. ਸੀ. ਦਾ
 ਜਦੋਂ ਇਸ ਸਬੰਧੀ ਏ. ਡੀ. ਸੀ. ਰੂਹੀ ਦੁੱਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਮੰਗ ਪੱਤਰ ਲੈਣ ਲਈ ਤਿਆਰ ਸੀ। ਮੇਰੇ ਵੱਲੋਂ ਸਿਰਫ ਇੰਨਾ ਹੀ ਕਿਹਾ ਗਿਆ ਕਿ 5 ਵਿਅਕਤੀ ਆ ਕੇ ਪੂਰੀ ਡਿਟੇਲ ਮੈਨੂੰ ਸਮਝਾ ਦੇਣ ਤਾਂ ਕਿ ਮੈਂ ਉਨ੍ਹਾਂ ਦੀ ਗੱਲ ਚੰਗੀ ਤਰ੍ਹਾਂ ਨਾਲ ਸੁਣ ਸਕਾਂ। ਮੇਰੇ ਵੱਲੋਂ ਮੰਗ ਪੱਤਰ ਲੈਣ ਤੋਂ ਹੁਣ ਵੀ ਇਨਕਾਰ ਨਹੀਂ। ਜੇਕਰ ਡੀਲਰ ਐਸੋ. ਦੇ ਆਗੂ ਮੈਨੂੰ ਮੰਗ ਪੱਤਰ ਦੇਣਾ ਚਾਹੁੰਦੇ ਹਨ ਤਾਂ ਮੇਰੇ ਵੱਲੋਂ ਮੰਗ ਪੱਤਰ ਲਿਆ ਜਾਵੇਗਾ। 


Related News