ਬਿਜਲੀ ਦੀਆਂ ਨੰਗੀਆਂ ਤਾਰਾਂ ਬਣੀਆਂ ਖਤਰੇ ਦੀ ਘੰਟੀ

09/19/2018 12:12:20 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਟਰਾਈਡੈਂਟ ਫੈਕਟਰੀ ਨੇੜੇ ਰਾਏਕੋਟ ਰੋਡ ਅਤੇ ਸੇਖਾਂ ਰੋਡ ’ਤੇ ਬਿਜਲੀ ਦੇ ਖੰਭਿਆਂ ’ਤੇ ਤਾਰਾਂ ਨੰਗੀਆਂ ਹੋਣ ਕਾਰਨ  ਵੱਡਾ ਹਾਦਸਾ ਵਾਪਰਣ ਦਾ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਸ਼ਹਿਰ ’ਚ ਬਿਜਲੀ ਦੀਆਂ ਨੰਗੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ  ਪਾਵਰਕਾਮ ਨੇ ਕੋਈ ਸਬਕ ਨਹੀਂ ਸਿੱਖਿਆ।
 ਬਿਜਲੀ ਦੀਆਂ ਨੰਗੀਆਂ ਤਾਰਾਂ ਇੰਨੀਆਂ ਨੀਵੀਆਂ ਹਨ ਕਿ  ਬੱਚਿਆਂ ਦਾ ਹੱਥ ਵੀ ਇਨ੍ਹਾਂ ਨੂੰ ਛੂਹ ਸਕਦਾ ਹੈ।  ਇਨ੍ਹਾਂ ਸੜਕਾਂ ’ਤੇ ਸਟਰੀਟ ਲਾਈਟਾਂ ਦੇ ਖੰਭੇ ਵੀ ਟੇਡੇ-ਮੇਢੇ ਹੋਏ ਪਏ ਹਨ ਅਤੇ  ਰਾਤ ਸਮੇਂ ਸਟਰੀਟ ਲਾਈਟਾਂ ਠੀਕ ਢੰਗ ਨਾਲ ਨਹੀਂ ਜਗਦੀਅਾਂ, ਜਿਸ ਕਾਰਨ ਰਾਤ ਸਮੇਂ ਵੱਡੇ ਹਾਦਸੇ ਵਾਪਰਨ ਦਾ ਡਰ ਵੱਧ ਜਾਂਦਾ ਹੈ।
  ®ਕੁੰਡੀਆਂ ਕਾਰਨ ਸਰਕਾਰ ਨੂੰ ਲੱਗ ਰਿਹੈ ਚੂਨਾ
 ਬਿਜਲੀ ਦੀਅਾਂ ਨੰਗੀਆਂ  ਤਾਰਾਂ ’ਤੇ ਲੋਕਾਂ ਵੱਲੋਂ ਕਥਿਤ ਤੌਰ ’ਤੇ ਸ਼ਰੇਆਮ ਕੁੰਡੀਆਂ ਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਹਰ ਮਹੀਨੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸ ਦੇ ਨਾਲ-ਨਾਲ ਕੁੰਡੀਆਂ ਲਾਉਣ ਸਮੇਂ ਹਾਦਸੇ ਵਾਪਰਨ ਦਾ ਵੀ ਡਰ ਬਣਿਆ ਰਹਿੰਦਾ ਹੈ। ਪਾਵਰਕਾਮ  ਦੇ ਅਧਿਕਾਰੀਆਂ ਦੀ  ਇਨ੍ਹਾਂ ਕੁੰਡੀਆਂ ’ਤੇ ਕੋਈ ਨਜ਼ਰ ਨਹੀਂ ਜਾਂਦੀ, ਜਿਸ ਕਾਰਨ ਕੁੰਡੀਆਂ ਲਾਉਣ ਵਾਲਿਆਂ ਨੂੰ  ਮਹਿਕਮੇ ਦਾ ਕੋਈ ਡਰ ਹੀ ਨਹੀਂ। ਮੁਫਤ ਦੀ ਬਿਜਲੀ ਹੋਣ ਕਾਰਨ ਇਨ੍ਹਾਂ ਵੱਲੋਂ ਬਿਜਲੀ ਵੀ ਜ਼ਿਆਦਾ ਫੂਕੀ ਜਾਂਦੀ ਹੈ। ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਇਸ ਮੁੱਦੇ ’ਤੇ ਅੱਖਾਂ ਮੀਚੀ ਰੱਖਣਾ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ।
 ®ਕਈ ਵਾਰ ਅਧਿਕਾਰੀਅਾਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਮਸਲਾ ਨਹੀਂ ਹੋਇਆ ਹੱਲ
 ਵਾਰਡ ਨੰਬਰ 17 ਦੇ ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ ਕਿਹਾ ਕਿ ਮੇਰੇ ਵੱਲੋਂ ਇਹ ਮਸਲਾ ਕਈ ਵਾਰ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ। ਇਸ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ।
 ਬਿਜਲੀ ਦੀਆਂ ਕੁੰਡੀਆਂ ਲਾਉਣ ਵਾਲਿਆਂ ਨੂੰ ਤਾਂ ਮੌਜਾਂ ਲੱਗੀਆਂ ਹੋਈਆਂ ਹਨ ਪਰ ਨੰਗੀਆਂ ਤਾਰਾਂ ਹੋਣ ਕਾਰਨ ਕਈ ਕੀਮਤੀ ਜਾਨਾਂ ਵੀ  ਜਾ ਸਕਦੀਆਂ ਹਨ। 


Related News