ਪ੍ਰਬੰਧਾਂ ਦੀ ਘਾਟ ਕਾਰਨ ਵੋਟਾਂ ਦਾ ਸਾਮਾਨ ਲੈਣ ਪੁੱਜੀਆਂ ਪੋਲਿੰਗ ਪਾਰਟੀਆਂ ਹੋਈਅਾਂ ਖੱਜਲ-ਖੁਆਰ

09/19/2018 12:01:51 AM

ਸ਼ੇਰਪੁਰ, (ਸਿੰਗਲਾ)- ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਸ਼ੇਰਪੁਰ ਦੀਆਂ 19 ਸਤੰਬਰ ਨੂੰ ਹੋਣ ਜਾ ਰਹੀਆਂ ਵੋਟਾਂ ਸਬੰਧੀ ਪੋਲਿੰਗ ਦਾ ਸਾਮਾਨ ਲੈਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਪੁੱਜੀਆਂ ਪੋਲਿੰਗ ਪਾਰਟੀਆਂ ਨੂੰ ਸਾਮਾਨ ਲੈਣ ’ਚ ਜਿਥੇ ਦੇਰੀ ਸਾਹਮਣਾ ਕਰਨਾ ਪਿਆ ਉਥੇ ਸਵੇਰ ਤੋਂ ਦੂਰੋਂ ਆਏ ਸਟਾਫ ਨੂੰ ਕੁਝ ਵੀ ਖਾਣ-ਪੀਣ ਦਾ ਪ੍ਰਬੰਧ ਨਾ ਹੋਣ ਕਰਕੇ ਖੱਜਲ-ਖੁਆਰੀ  ਵੀ  ਝੱਲਣੀ  ਪਈ।
 ਅਧਿਆਪਕਾਂ ਨੇ  ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ 100-100 ਕਿਲੋਮੀਟਰ ਦੂਰੋਂ ਆਏ ਸਟਾਫ ਨੂੰ ਰੋਟੀ ਤਾਂ ਕੀ ਨਸੀਬ ਹੋਣੀ ਸੀ, ਮਾਡ਼ੇ ਪ੍ਰਬੰਧਾਂ ਕਰਕੇ ਚਾਹ ਤੇ ਪਾਣੀ ਤੱਕ ਵੀ ਨਹੀਂ ਮਿਲਿਆ। ਇੱਥੋਂ ਤੱਕ ਕਿ ਜੋ ਟੈਂਟ ਪੋਲਿੰਗ ਸਟਾਫ ਦੇ ਬੈਠਣ ਲਈ ਲਾਇਆ ਗਿਆ ਸੀ, ਵਿਚ ਪ੍ਰਸ਼ਾਸਨ ਵੱਲੋਂ  ਪੱਖਾ ਆਦਿ ਤੱਕ ਦਾ ਪ੍ਰਬੰਧ ਨਹੀਂ ਸੀ, ਜਿਸ ਕਰਕੇ ਅਧਿਆਪਕਾਂ ਨੂੰ ਮਜਬੂਰੀਵਸ ਗਰਮੀ ’ਚ ਬੈਠ ਕੇ ਹੀ ਆਪਣਾ ਸਾਮਾਨ ਲੈਣ ਲਈ ਇੰਤਜ਼ਾਰ ਕਰਨਾ ਪਿਆ। ਕੁਝ ਮੁਲਾਜ਼ਮ ਤਾਂ ਜ਼ਮੀਨ ’ਤੇ ਬੈਠੇ ਵੀ ਦਿਖਾਈ ਦਿੱਤੇ  ਅਤੇ ਕੁਝ ਮਹਿਲਾ ਸਟਾਫ ਸਕੂਲ ਦੇ ਵਰਾਂਡੇ ਅੱਗੇ ਬਣੀਆਂ ਪੌਡ਼ੀਆਂ ’ਚ ਬੈਠੀਆਂ ਦਿਖਾਈ ਦਿੱਤੀਆਂ। 
ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ 100 ਤੋਂ ਵੱਧ ਇੱਥੇ ਪੋਲਿੰਗ ਪਾਰਟੀਆਂ ਚੋਣਾਂ ਦਾ ਸਾਮਾਨ ਲੈਣ ਲਈ ਪੁੱਜੀਆਂ ਹੋਈਆਂ ਹਨ। ਜਦਕਿ ਰੋਟੀ ਦਾ ਪ੍ਰਬੰਧ ਕੁਝ ਕੁ ਪਾਰਟੀਆਂ ਦਾ ਕੀਤਾ ਗਿਆ ਸੀ। ਪੀਣ ਵਾਲੇ ਪਾਣੀ ਲਈ ਰੱਖੇ ਟੱਬ ਵੀ ਖਾਲੀ ਹੀ ਦਿਖਾਈ ਦਿੱਤੇ। 
ਛੋਟੇ-ਛੋਟੇ ਬੱਚਿਆਂ ਨਾਲ ਸਾਮਾਨ ਲੈਣ ਪੁੱਜੀਆਂ ਮੁਲਾਜ਼ਮ ਅੌਰਤਾਂ ਬੇਵੱਸ ਦਿਖਾਈ ਦਿੱਤੀਆਂ।  ਇਕ ਅਧਿਆਪਕ ਨੇ ਆਪਣਾ ਨਾਂ ਗੁਪਤ ਰੱਖਣ ’ਤੇ ਦੱਸਿਆ ਕਿ ਮਾਡ਼ੇ ਪ੍ਰਬੰਧਾਂ ਬਾਰੇ ਮੌਕੇ ’ਤੇ ਹਾਜ਼ਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਦੱਸਿਆ ਗਿਆ ਹੈ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀਵਸ਼ ਇਹ ਸਾਰਾ ਮਾਮਲਾ ਮੀਡੀਆ ਦੇ ਧਿਆਨ ’ਚ ਲਿਆਉਣਾ ਪਿਆ। 
 ਕੀ ਕਹਿੰਦੇ ਨੇ ਅਧਿਆਪਕ ਆਗੂ 
 ਇਸ ਮੌਕੇ ਪੋਲਿੰਗ ਪਾਰਟੀ ਦਾ ਸਾਮਾਨ ਲੈਣ ਪੁੱਜੇ ਅਧਿਆਪਕ ਦਲ ਪੰਜਾਬ (ਜਵੰਧਾ) ਦੇ ਸੂਬਾ ਪ੍ਰਧਾਨ ਮਾ. ਹਰਦੇਵ ਸਿੰਘ ਜਵੰਧਾ ਨਾਲ  ਗੱਲਬਾਤ ਕੀਤੀ ਤਾਂ ਉਨ੍ਹਾਂ ਮਾਡ਼ੇ ਪ੍ਰਬੰਧਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਅਤਿ ਨਿੰਦਣਯੋਗ ਗੱਲ ਹੈ ਕਿ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੱਕ ਨਹੀਂ ਸੀ, ਚਾਹ ਤੇ ਰੋਟੀ ਸਾਰਿਆਂ ਨੂੰ ਨਹੀਂ ਮਿਲੀ ਸਗੋਂ ਕੁਝ ਪੋਲਿੰਗ ਪਾਰਟੀਆਂ ਨੂੰ ਹੀ ਰੋਟੀ ਨਸੀਬ ਹੋ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਜਿੱਥੇ ਲੱਖਾਂ ਰੁਪਏ ਖਰਚ ਕਰ ਕੇ ਚੋਣਾਂ ਕਰਵਾਉਣ ਦਾ ਪ੍ਰਬੰਧ ਕਰਦੀ ਹੈ, ਉਥੇ ਮੁਲਾਜ਼ਮਾਂ ਲਈ ਚਾਹ-ਪਾਣੀ, ਬੈਠਣ, ਪੱਖਿਆਂ ਆਦਿ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ। 
 ਕੀ ਕਹਿੰਦੇ ਨੇ ਰਿਟਰਨਿੰਗ ਅਫਸਰ
 ਜਦੋਂ ਇਸ  ਮਾਮਲੇ ਸਬੰਧੀ ਸ਼ੇਰਪੁਰ ਵਿਖੇ ਲੱਗੇ ਰਿਟਰਨਿੰਗ ਅਫਸਰ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਉਕਤ ਸਾਰਾ ਮਾਮਲਾ ਸੁਣਨ ਤੋਂ ਬਾਅਦ ਫੋਨ ਕੱਟ ਦਿੱਤਾ। ਇਸ ਮਾਮਲੇ ’ਤੇ ਕੋਈ ਵੀ ਗੱਲ ਨਹੀਂ ਕੀਤੀ।
 ਕੀ ਕਹਿਣੈ  ਐੱਸ. ਡੀ. ਐੱਮ. ਦਾ
ਜਦੋਂ ਸਬ-ਡਵੀਜ਼ਨ ਧੂਰੀ ਦੇ ਐੱਸ. ਡੀ. ਐੱਮ. ਦੀਪਕ ਰੁਹੇਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਬੰਧਤ ਆਰ. ਓ. ਦਾ ਹੈ ਪਰ ਉਨ੍ਹਾਂ ਨੇ ਤਾਂ ਸਾਰੀਆਂ ਪਾਰਟੀਆਂ ਨੂੰ 1 ਤੋਂ 1.30 ਵਜੇ ਤੱਕ ਸਾਮਾਨ ਦੇ ਕੇ ਪੋਲਿੰਗ ਸਟੇਸ਼ਨਾਂ ਵੱਲ ਰਵਾਨਾ ਕਰ ਦਿੱਤਾ ਸੀ। 
 ਪੋਲਿੰਗ ਪਾਰਟੀਆਂ ਸਾਮਾਨ ਲੈ ਕੇ ਹੋਈਆਂ ਰਵਾਨਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਅੱਜ ਪੋਲਿੰਗ ਦਾ ਸਾਮਾਨ ਲੈਣ ਪੁੱਜੀਆਂ ਪੋਲਿੰਗ ਪਾਰਟੀਆਂ ਵੱਖ-ਵੱਖ ਪਿੰਡਾਂ ’ਚ ਆਪਣਾ ਸਾਮਾਨ ਲੈ ਕੇ ਸ਼ੇਰਪੁਰ ਤੋਂ ਰਵਾਨਾ ਹੋਈਆਂ। 19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਸ਼ੇਰਪੁਰ ਵਿਖੇ ਭਾਰੀ ਪੁਲਸ ਫੋਰਸ ਵੀ ਪੁੱਜੀ ਹੋਈ ਸੀ। ਇੱਥੋ ਸਾਮਾਨ ਲੈਣ ਤੋਂ ਬਾਅਦ ਪਿੰਡਾਂ ਨੂੰ ਰਵਾਨਾ ਹੋਈਆਂ ਪੋਲਿੰਗ ਪਾਰਟੀਆਂ ਤੋਂ ਇਲਾਵਾ ਪੁਲਸ ਦੇ ਮੁਲਾਜ਼ਮ ਵੀ ਆਪਣੀਆਂ ਡਿਊਟੀਆਂ ਲਈ ਪਿੰਡਾਂ ਲਈ ਰਵਾਨਾ ਹੋ ਗਏ। 


Related News