ਕਿਰਾਏਦਾਰ ਦੀ ਵੈਰੀਫਿਕੇਸ਼ਨ ਨਾਂ ਕਰਵਾਉਣ ''ਤੇ ਅਦਾਲਤ ਨੇ ਮਕਾਨ ਮਾਲਿਕ ਨੂੰ ਠਹਿਰਾਇਆ ਦੋਸ਼ੀ

09/18/2018 11:57:19 PM

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਆਪਣੇ ਕਿਰਾਏਦਾਰ ਦੀ ਵੈਰੀਫਿਕੇਸ਼ਨ ਨਹੀਂ ਕਰਵਾਉਣ 'ਤੇ ਇਕ ਮਕਾਨ ਮਾਲਿਕ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਹ ਵਿਅਕਤੀ ਉਸ ਦੇ ਘਰ 'ਚ ਪਿਛਲੇ ਚਾਰ ਸਾਲਾਂ ਤੋਂ ਰਹਿ ਰਿਹਾ ਹੈ। ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਜਤਿੰਦਰ ਸਿੰਘ ਨੇ ਕਿਹਾ ਕਿ ਸਾਰੇ ਧਿਰਾਂ ਤੋਂ ਪੁੱਛਗਿੱਛ ਕਰਨ ਦੇ ਬਾਵਜੂਦ ਦੋਸ਼ੀ ਦੇ ਰਿਕਾਰਡ 'ਚ ਕੁਝ ਵੀ ਸਾਹਮਣੇ ਨਹੀਂ ਆਇਆ। 
ਨਿਊਜ਼ ਏਜੰਸੀ ਮੁਤਾਬਕ ਅਦਾਲਤ ਨੇ ਸੋਮਵਾਰ ਨੂੰ ਕਿਹਾ ਕਿ ਪ੍ਰੌਸੀਕਿਊਸ਼ਨ ਦੋਸ਼ੀ ਖਿਲਾਫ ਆਈ. ਪੀ. ਸੀ. ਦੀ ਧਾਰਾ 188 ਦੇ ਤਹਿਤ ਦੋਸ਼ ਬਿਨ੍ਹਾਂ ਕਿਸੇ ਸ਼ੱਕ ਦੇ ਸਾਬਤ ਕਰਨ 'ਚ ਸਫਲ ਰਿਹਾ ਹੈ। ਇਸ ਲਈ ਮੁਲਜ਼ਮ ਨੂੰ ਉਸ ਅਪਰਾਧ ਲਈ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ।
ਅਦਾਲਤ ਨੇ ਇਹ ਵੀ ਕਿਹਾ ਕਿ ਪ੍ਰੌਸੀਕਿਊਸ਼ਨ ਰਿਕਾਰਡ 'ਚ ਇਹ ਗੱਲ ਸਾਹਮਣੇ ਲਿਆਉਣ 'ਚ ਸਫਲ ਰਿਹਾ ਕਿ ਮੁਲਜ਼ਮ ਮਕਾਨ ਮਾਲਿਕ ਨਿਰੰਜਨ ਮਿਸ਼ਰਾ ਨੇ ਕਾਨੂੰਨ ਦਾ ਪਾਲਣ ਨਹੀਂ ਕੀਤਾ ਤੇ ਥਾਣੇ 'ਚ ਕਿਰਾਏਦਾਰ ਵੈਰੀਫਿਕੇਸ਼ਨ ਫਾਰਮ ਜਮ੍ਹਾ ਨਹੀਂ ਕਰ ਕੇ ਸਬੰਧਤ ਪੁਲਸ ਕਮਿਸ਼ਨਰ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ। 
ਰਾਜਧਾਨੀ ਦਿੱਲੀ ਦੇ ਪਾਂਡਵ ਨਗਰ 'ਚ ਰਹਿਣ ਵਾਲੇ ਮਕਾਨ ਮਾਲਿਕ ਨਿਰੰਜਨ ਮਿਸ਼ਰਾ ਖਿਲਾਫ ਇਸ ਸਾਲ ਜਨਵਰੀ 'ਚ ਆਈ. ਪੀ. ਸੀ. ਦੀ ਧਾਰਾ 188 ਦੇ ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਸੀ। ਇਹ ਸ਼ਿਕਾਇਤ ਕਿਰਾਏਦਾਰ ਵੈਰੀਫਿਕੇਸ਼ਨ ਡਿਊਟੀ 'ਚ ਤਾਇਨਾਤ ਹੈਡ ਕਾਨਸਟੇਬਲ ਰਾਜਕੁਮਾਰ ਵਲੋਂ ਦਰਜ ਕਰਵਾਈ ਗਈ ਸੀ।


Related News