ਪਾਕਿਸਤਾਨ ਨਾਲ ਰਾਬਤਾ ਕਾਇਮ ਕਰਨ ਦੀ ਤਿਆਰੀ ''ਚ ਵਿਦੇਸ਼ ਮੰਤਰੀ : ਸਿੱਧੂ

09/18/2018 11:01:30 PM

ਚੰਡੀਗੜ੍ਹ,(ਰਮਨਜੀਤ)— ਪੰਜਾਬ ਦੀ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਛੇਤੀ ਹੀ ਉਨ੍ਹਾਂ ਦੇ ਮੰਤਰਾਲਾ ਵੱਲੋਂ ਪਾਕਿਸਤਾਨ ਨੂੰ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਸਬੰਧੀ ਰਸਮੀ ਪੱਤਰ ਭੇਜਿਆ ਜਾਵੇਗਾ। ਸਿੱਧੂ ਮੁਤਾਬਕ ਪਹਿਲਾਂ ਤੋਂ ਹੀ ਆਪਣੀ ਪੂਰੀ ਤਿਆਰੀ ਕਰੀ ਬੈਠੀ ਪਾਕਿਸਤਾਨ ਸਰਕਾਰ ਇਸ ਮਸਲੇ 'ਤੇ ਤੱਤਕਾਲ ਕਾਰਵਾਈ ਸ਼ੁਰੂ ਕਰ ਦੇਵੇਗੀ । ਇਸ ਮਾਮਲੇ 'ਤੇ ਕਈ ਨੇਤਾਵਾਂ ਵਲੋਂ ਆਪਣੀ ਆਲੋਚਨਾ ਸਬੰਧੀ ਸਿੱਧੂ ਨੇ ਕਿਹਾ ਕਿ ਇਹ ਮਸਲਾ ਅਜਿਹਾ ਹੈ ਕਿ ਉਹ ਇਸ ਲਈ ਲਗਾਤਾਰ ਯਤਨਸ਼ੀਲ ਰਹਿਣਗੇ, ਜਿਸਨੇ ਜਿੰਨਾ ਬੁਰਾ ਬੋਲਣਾ ਹੈ ਬੋਲਦਾ ਰਹੇ, ਮੈਨੂੰ ਕੋਈ ਫਰਕ ਨਹੀਂ ਕਿਉਂਕਿ ਇਹ ਮੁੱਦਾ ਕਿਸੇ ਦੇ ਨਿੱਜੀ ਸਵਾਰਥ ਦਾ ਨਹੀਂ, ਸਗੋਂ 10-12 ਕਰੋੜ ਲੋਕਾਂ ਦੀ ਸ਼ਰਧਾ ਨਾਲ ਜੁੜਿਆ ਹੋਇਆ ਹੈ।

ਆਪਣੇ ਸਰਕਾਰੀ ਘਰ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਬਜਟ 'ਚ ਲਗਭਗ 1200 ਕਰੋੜ ਦੀ ਵਿਵਸਥਾ ਕੀਤੀ ਜਾਂਦੀ ਹੈ ਤਾਂ ਕਿ ਹਰ ਸਾਲ ਸਵਾ ਲੱਖ ਦੇ ਲਗਭਗ ਮੁਸਲਮਾਨ ਭਾਈਚਾਰੇ ਦੇ ਲੋਕ ਆਪਣੀ ਸ਼ਰਧਾ ਦੇ ਕੇਂਦਰ ਮੱਕਾ-ਮਦੀਨਾ ਦੀ ਯਾਤਰਾ ਕਰ ਸਕਣ। ਇਸ ਪ੍ਰਕਾਰ ਸਾਡੀ ਸ਼ਰਧਾ ਮੁਤਾਬਕ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦਾ ਵੀ ਪ੍ਰਬੰਧ ਹੈ ਪਰ ਸਿੱਖ, ਪੰਜਾਬੀ ਅਤੇ ਸਿੰਧੀ ਸਮੁਦਾਏ ਨੂੰ ਆਪਣੀ ਸ਼ਰਧਾ ਤੋਂ ਦੂਰ ਰੱਖਿਆ ਜਾ ਰਿਹਾ ਹੈ। ਇਹ ਦਸ ਕਰੋੜ ਲੋਕਾਂ ਦੀ ਧਾਰਮਿਕ ਸ਼ਰਧਾ ਦਾ ਮਾਮਲਾ ਹੈ ਅਤੇ ਇਸਨੂੰ ਵੇਖਦੇ ਹੋਏ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲਾ ਨੂੰ ਕਦਮ ਅੱਗੇ ਵਧਾਉਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਦੀ ਸਰਕਾਰ ਆਨ ਰਿਕਾਰਡ ਇਹ ਐਲਾਨ ਕਰ ਚੁੱਕੀ ਹੈ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣ ਲਈ ਤਿਆਰ ਹੈ।

ਸਿੱਧੂ ਨੇ ਕਿਹਾ ਕਿ ਇਸ ਮਸਲੇ ਨੂੰ ਲੈਕੇ ਉਨ੍ਹਾਂ ਨੇ ਪਿਛਲੇ ਦਿਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਤਾਜ਼ਾ ਹਾਲਤ ਬਾਰੇ ਜਾਣੂ ਕਰਾਇਆ। ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਵਾਰਾ ਪਾਕਿਸਤਾਨ ਦੇ ਇਲਾਕੇ 'ਚ ਸਥਿਤ ਹੈ, ਇਸ ਲਈ ਰਸਮੀ ਤੌਰ 'ਤੇ ਭਾਰਤ ਵਲੋਂ ਪੱਤਰ ਭੇਜਿਆ ਜਾਣਾ ਲਾਜ਼ਮੀ ਹੈ ਤਾਂ ਜੋ ਇਸ ਮਸਲੇ 'ਤੇ ਪਾਕਿਸਤਾਨ ਸਰਕਾਰ ਅੱਗੇ ਵਧ ਸਕੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਵਾਰੇ ਦੇ ਇਤਿਹਾਸ ਸੰਬੰਧੀ ਜਾਣਕਾਰੀ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਨੂੰ ਇੱਥੇ ਗੁਜ਼ਾਰਿਆ ਸੀ ਅਤੇ ਆਪਣੀਆਂ ਸਿੱਖਿਆਵਾਂ ਅਨੁਸਾਰ 'ਕਿਰਤ' ਕੀਤੀ ।


Related News