ਮੈਰੀਕਾਮ ਨੇ 4 ਘੰਟਿਆਂ ''ਚ ਘੱਟ ਕੀਤਾ 2 ਕਿਲੋ ਭਾਰ

09/18/2018 10:25:19 PM

ਨਵੀਂ ਦਿੱਲੀ- ਚਾਰ ਘੰਟੇ ਵਿਚ ਦੋ ਕਿਲੋ ਭਾਰ ਘੱਟ ਕਰਨਾ ਸੁਣਨ ਵਿਚ ਥੋੜ੍ਹਾ ਅਜੀਬ ਜ਼ਰੂਰ ਲੱਗੇਗਾ ਪਰ ਲੰਬੀ ਯਾਤਰਾ ਤੋਂ ਬਾਅਦ ਪੋਲੈਂਡ ਪਹੁੰਚੀ ਭਾਰਤੀ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੂੰ ਥਕਾਨ ਦੇ ਬਾਵਜੂਦ ਇਸ ਚੁਣੌਤੀ ਨੂੰ ਪੂਰਾ ਕਰਨਾ ਸੀ। ਪੋਲੈਂਡ ਦੇ ਗਿਲਵਾਇਸ ਵਿਚ ਹਾਲ ਹੀ ਵਿਚ ਖਤਮ ਹੋਏ13ਵੇਂ ਸਿਲੇਸੀਅਨ ਮੁੱਕੇਬਾਜ਼ੀ ਟੂਰਨਾਮੈਂਟ ਲਈ ਮੈਰੀਕਾਮ ਜਦੋਂ ਉਥੇ ਪਹੁੰਚੀ ਤਾਂ ਉਸਦਾ ਭਾਰ ਦੋ ਕਿਲੋ ਵੱਧ ਸੀ ਤੇ ਟੂਰਨਾਮੈਂਟ ਲਈ ਭਾਰ ਬਰਾਬਰ ਕਰਨ ਲਈ ਉਸਦੇ ਕੋਲ ਚਾਰ ਘੰਟੇ ਦਾ ਸਮਾਂ ਸੀ। ਉਸ ਨੇ ਨਾ ਸਿਰਫ ਇਸ ਚੁਣੌਤੀ ਨੂੰ ਪੂਰਾ ਕੀਤਾ, ਸਗੋਂ ਟੂਰਨਾਮੈਂਟ ਵਿਚ ਸੋਨ ਤਮਗਾ ਵੀ ਆਪਣੇ ਨਾਂ ਕੀਤਾ, ਜਿਹੜਾ ਇਸ ਸਾਲ ਦਾ ਉਸਦਾ ਤੀਜਾ ਸੋਨ ਤਮਗਾ ਹੈ।
5 ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਵਤਨ ਪਰਤਣ ਤੋਂ ਬਾਅਦ ਕਿਹਾ, ''ਅਸੀਂ ਲਗਭਗ ਤਿੰਨ -ਸਾਢੇ ਤਿੰਨ ਵਜੇ ਸਵੇਰੇ ਪੋਲੈਂਡ ਪਹੁੰਚੇ ਤੇ ਟੂਰਨਾਮੈਂਟ ਲਈ ਭਾਰ ਪ੍ਰੋਗਰਾਮ ਸਵੇਰੇ ਸਾਢੇ ਸੱਤ ਵਜੇ ਹੋਣਾ ਸੀ। ਮੈਨੂੰ 48 ਕਿਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲੈਣਾ ਸੀ ਤੇ ਮੇਰਾ ਭਾਰ ਉਸ ਤੋਂ ਦੋ ਕਿਲੋ ਵੱਧ ਸੀ।'' ਓਲੰਪਿਕ ਕਾਂਸੀ ਤਮਗਾ ਜੇਤੂ 35 ਸਾਲ ਦੀ ਇਸ ਮੁੱਕੇਬਾਜ਼ ਨੇ ਕਿਹਾ, ''ਮੇਰੇ ਕੋਲ ਭਾਰ ਘੱਟ ਕਰਨ ਲਈ ਲਗਭਗ ਚਾਰ ਘੰਟਿਆਂ ਦਾ ਸਮਾਂ ਸੀ, ਅਜਿਹਾ ਨਾ ਕਰਨ 'ਤੇ ਮੈਂ ਡਿਸਕੁਆਲੀਫਾਈ ਹੋ ਜਾਂਦੀ। ਮੈਂ ਲਗਾਤਾਰ ਇਕ ਘੰਟੇ ਤਕ ਸਕੀਪਿੰਗ (ਰੱਸੀ ਟੱਪਣਾ) ਕੀਤੀ ਤੇ ਫਿਰ ਮੈਂ ਭਾਰ ਲਈ ਤਿਆਰ ਸੀ।''
ਉਸ ਨੇ ਕਿਹਾ, ''ਸਾਡੇ ਲਈ ਚੰਗੀ ਗੱਲ ਇਹ ਸੀ ਕਿ ਜਿਸ ਜਹਾਜ਼ ਵਿਚ ਅਸੀਂ ਸਫਰ ਕਰ ਰਹੇ ਸੀ, ਉਹ ਲਗਭਗ ਪੂਰਾ ਖਾਲੀ ਸੀ, ਇਸ ਲਈ ਮੈਂ ਪੈਰ ਫੈਲਾ ਕੇ ਚੰਗੀ ਤਰਾਂ ਨਾਲ ਸੌਂ ਸਕੀ ਤਾਂ ਕਿ ਉਥੇ ਪਹੰਚਣ 'ਤੇ ਜ਼ਿਆਦਾ ਥਕਵਾਟ ਨਾ ਰਹੇ। ਨਹੀਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਟੂਰਨਾਮੈਂਟ ਵਿਚ ਹਿੱਸਾ ਲੈ ਵੀ ਪਾਉਂਦੀ ਜਾਂ ਨਹੀਂ।'' ਮਣੀਪੁਰ ਦੀ ਇਹ ਖਿਡਾਰੀ ਟੂਰਨਾਮੈਂਟ ਦੇ ਸੀਨੀਅਰ ਵਰਗ ਵਿਚ ਸੋਨ ਤਮਗਾ ਜਿੱਤਣ ਵਾਲੀ ਇਕਲੌਤੀ ਭਾਰਤੀ ਖਿਡਾਰੀ ਹੈ। ਮੈਰੀਕਾਮ ਦੋ ਮਹੀਨੇ ਵਿਚ 36 ਸਾਲ ਦੀ ਹੋ ਜਾਵੇਗੀ ਪਰ ਇਸ ਮੁੱਕੇਬਾਜ਼ ਨੇ ਇਹ ਸਾਫ ਕਰ ਦਿੱਤਾ ਕਿ ਉਹ 2020 ਦੀਆਂ ਓਲੰਪਿਕ ਖੇਡਾਂ ਤਕ ਆਪਣੀ ਖੇਡ ਜਾਰੀ ਰੱਖੇਗੀ।


Related News