ਫੂਡ ਸੇਫਟੀ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ''ਤੇ ਮਾਰਿਆ ਛਾਪਾ

09/18/2018 7:54:43 PM

ਫ਼ਤਹਿਗੜ੍ਹ ਸਾਹਿਬ, (ਬਿਪਨ ਭਾਰਦਵਾਜ)— ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਦੇ ਹੁਕਮਾਂ ਤਹਿਤ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਡੇਅਰੀ ਵਿਕਾਸ ਵਿਭਾਗ ਦੀ ਟੀਮ ਨਾਲ ਸਾਂਝੇ ਤੌਰ 'ਤੇ ਸਰਹਿੰਦ ਦੇ ਫ਼ਤਹਿ ਇਨਕਲੇਵ ਵਿਖੇ ਇਕ ਘਰ 'ਚ ਚੱਲ ਰਹੀ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ ਮਾਰਿਆ। ਜਿਥੇ ਮਾਲਟੋਡੋਕਸਟਰਿਨ ਪਾਊਡਰ ਤੇ ਸੋਇਆਬੀਨ ਦੇ ਤੇਲ ਨਾਲ ਨਕਲੀ ਦੁੱਧ ਤਿਆਰ ਕੀਤਾ ਜਾ ਰਿਹਾ ਸੀ। ਟੀਮ ਦੀ ਅਗਵਾਈ ਕਰ ਰਹੀ ਸਹਾਇਕ ਫੂਡ ਕਮਿਸ਼ਨਰ ਡਾ. ਅਦਿੱਤੀ ਗੁਪਤਾ ਨੇ ਦੱਸਿਆ ਕਿ ਮੌਕੇ 'ਤੇ ਟੀਮ ਨੂੰ 50 ਕਿਲੋ ਮਾਲਟੋਡੋਕਸਟਰਿਨ ਪਾਊਡਰ, 48 ਕਿਲੋ ਸੋਇਆਬੀਨ ਦਾ ਤੇਲ ਅਤੇ 80 ਲੀਟਰ ਤਿਆਰ ਕੀਤਾ ਨਕਲੀ ਦੁੱਧ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਸ ਵਿਭਾਗ ਦੀ ਟੀਮ ਦੀ ਮੌਜੂਦਗੀ 'ਚ ਸਾਰੇ ਸਮਾਨ ਦੇ ਸੈਂਪਲ ਲੈ ਕੇ ਉਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਨਕਲੀ ਦੁੱਧ ਦੇ ਲਏ ਗਏ ਸੈਂਪਲ ਸਰਕਾਰੀ ਲੈਬਾਰਟਰੀ 'ਚ ਭੇਜੇ ਜਾਣਗੇ ਅਤੇ ਰਿਪੋਰਟ ਅਨੁਸਾਰ ਕਥਿਤ ਦੋਸ਼ੀਆਂ 'ਤੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ । 

PunjabKesari
ਡਾ. ਅਦਿੱਤੀ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਖਾਣ ਪੀਣ ਦੀਆਂ ਸ਼ੁੱਧ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਸਾਰੀ ਕਾਰਵਾਈ ਕੀਤੀ ਗਈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਮਿਲਾਵਟਖੋਰਾਂ ਨੂੰ ਸਖਤ ਸਜਾਵਾਂ ਦਿਵਾਈਆਂ ਜਾ ਸਕਣ । ਉਨ੍ਹਾਂ ਕਿਹਾ ਕਿ ਫੈਕਟਰੀ ਚਲਾਉਣ ਵਾਲੇ ਵਿਅਕਤੀ 'ਤੇ ਪੁਲਸ ਵੀ ਆਪਣੀ ਪੱਧਰ 'ਤੇ ਕਾਰਵਾਈ ਕਰੇਗੀ । ਚੈਕਿੰਗ ਕਰਨ ਗਈ ਟੀਮ 'ਚ ਫੂਡ ਸੇਫਟੀ ਅਫਸਰ ਜਸਪਿੰਦਰ ਕੌਰ ਔਜਲਾ, ਡੇਅਰੀ ਵਿਕਾਸ ਇੰਸਪੈਕਟਰ ਸ. ਚਰਨਜੀਤ ਸਿੰਘ ਵੀ ਮੌਜੂਦ ਸਨ।

PunjabKesari


Related News