ਬ੍ਰਿਟੇਨ ''ਚ ਮੁਸਲਿਮ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਮਿਲਿਆ ਨਵਾਂ ਪਹਿਰਾਵਾ

09/18/2018 7:48:46 PM

ਲੰਡਨ— ਬ੍ਰਿਟੇਨ ਦੇ ਇਕ ਪੁਲਸ ਬਲ 'ਚ ਮੁਸਲਿਮ ਮਹਿਲਾ ਮੁਲਾਜ਼ਮਾਂ ਲਈ ਨਵੇਂ ਪਹਿਰਾਵੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਪਹਿਰਾਵਾ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਆਰਾਮਦਾਇਕ ਹੈ। ਵੈਸਟ ਯਾਰਕਸ਼ਾਇਰ ਪੁਲਸ ਨੇ ਇਹ ਕਦਮ ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਨੂੰ ਫੋਰਸ 'ਚ ਸ਼ਾਮਲ ਕਰਨ ਦੇ ਇਰਾਦੇ ਨਾਲ ਚੁੱਕਿਆ ਹੈ। ਇਸ ਪਹਿਰਾਵੇ ਦਾ ਸੁਝਾਅ ਇਕ ਮਹਿਲਾ ਪੁਲਸ ਅਧਿਕਾਰੀ ਨੇ ਹੀ ਦਿੱਤਾ ਸੀ।
ਵੈਸਟ ਯਾਰਕਸ਼ਾਇਰ ਪੁਲਸ ਦੀ ਅਸਿਸਟੈਂਟ ਚੀਫ ਕਾਨਸਟੇਬਲ ਐਂਜਿਲਾ ਵਿਲੀਅਮਸ ਨੇ ਕਿਹਾ, ''ਪਿਛਲੇ ਕੁਝ ਮਹੀਨੇ ਤੋਂ ਅਜਿਹਾ ਪਹਿਰਾਵਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ 'ਚ ਮਹਿਲਾਵਾਂ ਖੁਦ ਨੂੰ ਆਰਾਮਦਾਇਕ ਮਹਿਸੂਸ ਕਰਨ। ਕੁੜਤੇ ਵਾਂਗ ਇਹ ਪਹਿਰਾਵਾ ਪੂਰੀ ਬਾਂਹ ਵਾਲਾ ਹੈ। ਕਈ ਮਹਿਲਾ ਅਧਿਕਾਰੀਆਂ ਨੇ ਇਸ ਦੀ ਸ਼ਲਾਘਾ ਕੀਤੀ ਹੈ। ਕੁਝ ਮਹਿਲਾ ਅਧਿਕਾਰੀਆਂ ਨੂੰ ਇਹ ਪਹਿਰਾਵਾ ਟ੍ਰਾਇਲ ਲਈ ਦਿੱਤਾ ਗਿਆ ਹੈ।''
ਸਭ ਤੋਂ ਪਹਿਲਾਂ ਮੁਸਲਿਮ ਬਹੂ ਗਿਣਤੀ ਸ਼ਹਿਰ ਬ੍ਰੈਡਫੋਰਡ ਦੀ ਪੁਲਸ ਕਾਨਸਟੇਬਲ ਫਰਜ਼ਾਨਾ ਅਹਿਮਦ ਨੇ ਇਸ ਪਹਿਰਾਵੇ ਦਾ ਟ੍ਰਾਇਲ ਕੀਤਾ ਸੀ। ਸਥਾਨਕ ਭਾਈਚਾਰੇ ਤੋਂ ਉਨ੍ਹਾਂ ਨੂੰ ਸਕਾਰਾਤਮਕ ਫੀਡਬੈਕ ਵੀ ਮਿਲਿਆ। ਬ੍ਰਿਟੇਨ ਦੇ ਕਈ ਸੁਰੱਖਿਆ ਬਲਾਂ ਨੇ ਮਹਿਲਾ ਅਫਸਰਾਂ ਨੂੰ ਹਿਜਾਬ ਤੇ ਸਿੱਖਾਂ ਨੂੰ ਹੈਲਮੈਟ ਜਾਂ ਕੈਪ ਦੀ ਥਾਂ ਪਗੜੀ ਪਹਿਨਣ ਦੀ ਮਨਜ਼ੂਰੀ ਦਿੱਤੀ ਹੈ।


Related News