SBI ਵੇਚੇਗਾ ਆਪਣੇ 8 NPA ਖਾਤੇ, ਕਰੇਗਾ 3900 ਕਰੋੜ ਦੀ ਵਸੂਲੀ

09/18/2018 7:17:39 PM

ਨਵੀਂ ਦਿੱਲੀ—ਭਾਰਤੀ ਸਟੇਟ ਬੈਂਕ ਖੁਦ ਦੀ ਗੈਰ-ਕਾਰਗੁਜ਼ਾਰੀ ਜਾਇਦਾਦ (NPA ) ਦਾ ਬੋਝ ਘੱਟ ਕਰਨ ਲਈ 8 ਐੱਨ.ਪੀ.ਏ. ਖਾਤੇ ਵੇਚੇਗਾ। ਇਸ ਰਾਹੀਂ ਉਸ ਦਾ ਮਕਸਦ 3,900 ਕਰੋੜ ਰੁਪਏ ਦਾ ਬਕਾਇਆ ਰਾਸ਼ੀ ਵਸੂਲ ਕਰਨਾ ਹੈ। ਬੈਂਕ ਨੇ ਇਸ ਲਈ ਏ.ਆਰ.ਸੀ. ਅਤੇ ਐੱਫ.ਆਈ. ਤੋਂ ਟੈਂਡਰ ਮੰਗੇ ਹਨ। ਬੈਂਕ ਨੇ ਆਪਣੀ ਵੈੱਬਸਾਈਟ 'ਤੇ ਟੈਂਡਰ ਦਸਤਾਵੇਜ਼ ਅਪਲੋਡ ਕੀਤੇ ਹਨ। ਇਸ 'ਚ ਉਸ ਨੇ ਦੱਸਿਆ ਕਿ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਿੱਤੀ ਜਾਇਦਾਦ ਦੀ ਵਿਕਰੀ ਦੇ ਬਾਰੇ 'ਚ ਬੈਂਕ ਦੀ ਸੋਧ ਨੀਤੀ ਤਹਿਤ ਅਸੀਂ ਇਨ੍ਹਾਂ ਖਾਤਿਆਂ ਨੂੰ ਵੇਚਣ ਲਈ ਟੈਂਡਰ ਜਾਰੀ ਕਰਦੇ ਹਾਂ। ਇਹ ਟੈਂਡਰ ਏ.ਆਰ.ਸੀ., ਬੈਂਕਾਂ, ਐੱਨ.ਬੀ.ਐੱਫ.ਸੀ. ਅਤੇ ਐੱਫ.ਆਈ. ਨੂੰ ਵੇਚਣ ਲਈ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਖਾਤਿਆਂ 'ਚ ਸਭ ਤੋਂ ਵੱਡੀ ਰਾਸ਼ੀ 1,320.37 ਕਰੋੜ ਰੁਪਏ ਦੀ ਹੈ। ਇਹ ਕੋਲਕਾਤਾ ਸਥਿਤ ਰੋਹਿਤ ਫੈਰੋ ਟੈੱਕ 'ਤੇ ਬਕਾਇਆ ਰਾਸ਼ੀ ਹੈ। ਦੂਜੇ ਨੰਬਰ 'ਤੇ ਇੰਡੀਅਨ ਸਟੀਲ ਕਾਰਪੋਰੇਸ਼ਨ ਲਿਮਟਿਡ ਹੈ ਜਿਸ ਕੋਲ ਬੈਂਕ ਦਾ 928.97 ਕਰੋੜ ਰੁਪਏ ਦਾ ਬਕਾਇਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਜੈ ਬਾਲਾਜੀ ਇੰਡਸਟਰੀਜ਼ ਕੋਲ 859.33 ਕਰੋੜ ਰੁਪਏ, ਮਹਾਲਕਸ਼ਮੀ ਟੀ.ਐੱਮ.ਟੀ. ਪ੍ਰਾਈਵੇਟ ਲਿਮਟਿਡ ਕੋਲ 409.78 ਕਰੋੜ ਰੁਪਏ ਹਨ। ਇੰਪੈਕਸ ਫੈਰੋ ਟੈੱਕ ਕੋਲ 200.67 ਕਰੋੜ ਰੁਪਏ, ਕੋਹਿਨੂਰ ਸਟੀਲ ਪ੍ਰਾਈਵੇਟ ਲਿਮਟਿਡ ਕੋਲ 110.17 ਕਰੋੜ ਰੁਪਏ, ਮਾਡਰਨ ਇੰਡੀਆ ਕਾਨਕਾਸਟ ਕੋਲ 71.16 ਕਰੋੜ ਰੁਪਏ ਅਤੇ ਬੱਲਾਰਪੁਰ ਇੰਡਸਟਰੀਜ਼ ਕੋਲ 47.17 ਕਰੋੜ ਰੁਪਏ ਦਾ ਬਕਾਇਆ ਹੈ। ਦੱਸਣਯੋਗ ਹੈ ਕਿ ਦੇਸ਼ ਦੇ ਜ਼ਿਆਦਾਤਰ ਸਰਕਾਰੀ ਬੈਂਕ ਐੱਨ.ਪੀ.ਏ. ਦੀ ਸਮੱਸਿਆ ਨਾਲ ਜੂਝ ਰਹੇ ਹਨ। ਬੈਡ ਲੋਨ ਦੇ ਇਸ ਬੋਝ 'ਚੋਂ ਨਿਕਲਣ ਲਈ ਬੈਂਕ ਲਗਾਤਾਰ ਆਪਣੇ ਪੱਧਰ 'ਤੇ ਨਵੇਂ-ਨਵੇਂ ਕਦਮ ਚੁੱਕ ਰਿਹਾ ਹੈ। ਸੋਮਵਾਰ ਨੂੰ ਸਰਕਾਰ ਨੇ ਤਿੰਨ ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ਬੈਂਕਾਂ ਦਾ ਰਲੇਵਾਂ ਹੋਵੇਗਾ ਉਹ ਹਨ ਬੈਂਕ ਆਫ ਬੜੋਦਾ, ਵਿਜਯ ਬੈਂਕ ਅਤੇ ਦੇਨਾ ਬੈਂਕ।


Related News