ਗਠਜੋੜ ਸਰਕਾਰ ਦੇ ਸਮੇਂ ਸੀ ਗੈਂਗਸਟਰਾਂ ਦਾ ਰਾਜ : ਜਾਖੜ

09/18/2018 6:39:33 PM

ਜਲੰਧਰ,(ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਵਲੋਂ ਪੰਜਾਬ ਦੇ ਰਾਜਪਾਲ ਨਾਲ ਕੀਤੀ ਗਈ ਮੁਲਾਕਾਤ 'ਤੇ ਟਿੱਪਣੀ ਕੀਤੀ। ਟਿੱਪਣੀ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਖੁਦ ਪੰਜਾਬ ਦਾ ਮਾਹੌਲ ਖਰਾਬ ਕਰਨ 'ਚ ਲੱਗੀਆਂ ਹੋਈਆਂ ਹਨ, ਜਿਸ ਨਾਲ ਸੂਬੇ 'ਚ ਅਮਨ ਅਤੇ ਸ਼ਾਂਤੀ ਨੂੰ ਭੰਗ ਕੀਤਾ ਜਾ ਸਕੇ। ਜਦਕਿ ਹਰ ਵਿਅਕਤੀ ਜਾਣਦਾ ਹੈ ਕਿ ਪੰਜਾਬ 'ਚ ਪੂਰੀ ਤਰ੍ਹਾਂ ਨਾਲ ਅਮਨ ਅਤੇ ਸ਼ਾਂਤੀ ਕਾਇਮ ਹੈ।

ਉਨ੍ਹਾਂ ਕਿਹਾ ਕਿ ਸੂਬੇ 'ਚ ਮੌਜੂਦਾ ਸਮੇਂ 'ਚ ਅਮਨ-ਕਾਨੂੰਨ 'ਤੇ ਸਵਾਲ ਚੁੱਕਣ ਤੋਂ ਪਹਿਲਾਂ ਅਕਾਲੀ-ਭਾਜਪਾ ਗਠਜੋੜ ਨੂੰ ਆਪਣਾ ਕਾਰਜਕਾਲ ਯਾਦ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ 'ਚ ਹੈ ਅਤੇ ਸਾਬਕਾ ਸਰਕਾਰ ਦੇ ਸਮੇਂ ਲੁੱਟ-ਮਾਰ ਅਤੇ ਹੱਤਿਆਵਾਂ ਦੇ ਕੇਸਾਂ ਦੀਆਂ ਅਨੇਕਾਂ ਗੁੱਥੀਆਂ ਨੂੰ ਮੌਜੂਦਾ ਸਰਕਾਰ ਨੇ ਹੀ ਸੁਲਝਾਇਆ ਹੈ।

ਜਾਖੜ ਨੇ ਕਿਹਾ ਕਿ ਸਾਬਕਾ ਗਠਜੋੜ ਸਰਕਾਰ ਦੇ ਸਮੇਂ ਤੋਂ ਗੈਂਗਸਟਰਾਂ ਦਾ ਰਾਜ ਚੱਲਦਾ ਸੀ। ਸੱਤਾਧਾਰੀਆਂ ਦੀ ਸੁਰੱਖਿਆ 'ਚ ਗੈਂਗਸਟਰ ਵਧ ਰਹੇ ਸਨ ਪਰ ਜਦ ਤੋਂ ਕਾਂਗਰਸ ਸਰਕਾਰ ਬਣੀ ਹੈ ਤਦ ਤੋਂ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਨਾਲ ਲਗਾਮ ਲਗਾ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਸਾਬਕਾ ਸਰਕਾਰ ਦੇ ਸਮੇਂ ਕਾਨੂੰਨ ਵਿਵਸਥਾ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਕੀ ਹਰ ਰੋਜ਼ ਹੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਹੋ ਰਹੀਆਂ ਸਨ ਅਤੇ ਸਾਬਕਾ ਸਰਕਾਰ ਤਾਂ ਆਰ. ਐੱਸ. ਐੱਸ. ਆਗੂਆਂ ਦਾ ਬਚਾਅ ਵੀ ਨਹੀਂ ਕਰ ਸਕੀ ਸੀ।


Related News