ਇਕ ਅਜਿਹਾ ਵੀਰ ਸੈਨਿਕ, ਜੋ ਮਰ ਕੇ ਵੀ ਕਰ ਰਿਹਾ ਸਰਹੱਦਾਂ ਦੀ ਰਾਖੀ

09/18/2018 6:33:08 PM

ਕਪੂਰਥਲਾ (ਮੀਨੂੰ ਓਬਰਾਏ)— ਭਾਰਤ-ਚੀਨ ਬਾਰਡਰ ਦੀਆਂ ਉੱਚੀਆਂ ਅਤੇ ਬਰਫੀਲੀਆਂ ਪਹਾੜੀਆਂ 'ਤੇ ਭਾਵੇਂ ਮਾਹੌਲ ਕਿੰਨਾ ਵੀ ਤਣਾਅ ਵਾਲਾ ਹੋਵੇ, ਭਾਰਤੀ ਫੌਜ ਹਮੇਸ਼ਾ ਹੀ ਨਿਸ਼ਚਿੰਤ ਹੁੰਦੀ ਹੈ ਕਿਉਂਕਿ ਬਾਰਡਰ ਦੀ ਸੁਰੱਖਿਆ ਇਕ ਅਜਿਹੇ ਦੇਸ਼ਭਗਤ ਦੇ ਹਵਾਲੇ ਹੈ ਜੋ ਸਿਪਾਹੀਆਂ 'ਚ ਮੌਜੂਦ ਤਾਂ ਹੁੰਦਾ ਹੈ ਪਰ ਦਿਖਾਈ ਨਹੀਂ ਦਿੰਦਾ ਅਤੇ ਜੋ ਮਰ ਕੇ ਵੀ ਆਪਣੀ ਡਿਊਟੀ ਨਿਭਾਅ ਰਿਹਾ ਹੈ। ਅਸੀਂ ਬਾਬਾ ਹਰਭਜਨ ਸਿੰਘ ਦੀ ਗੱਲ ਕਰ ਰਹੇ ਹਾਂ। ਬਾਬਾ ਹਰਭਜਨ ਸਿੰਘ ਭਾਰਤੀ ਫੌਜ ਦੇ ਉਹ ਸਿਪਾਹੀ ਹਨ, ਜਿਨ੍ਹਾਂ ਦੀ ਆਤਮਾ ਅੱਜ ਵੀ ਇੰਡੋ-ਚੀਨ ਦੇ ਨਥੂਲਾ ਬਾਰਡਰ 'ਤੇ ਪਹਿਰਾ ਦਿੰਦੀ ਹੈ। ਦੁਸ਼ਮਣਾਂ ਦੇ ਪਲਾਨ ਪਹਿਲਾਂ ਹੀ ਭਾਰਤੀ ਫੌਜੀਆਂ ਨੂੰ ਦੱਸ ਕੇ ਉਨ੍ਹਾਂ ਨੂੰ ਚੌਕੰਨਾ ਕਰਦੀ ਹੈ ਅਤੇ ਸਮੇਂ-ਸਮੇਂ 'ਤੇ ਆਪਣੀ ਹੋਂਦ ਦਾ ਅਹਿਸਾਸ ਵੀ ਕਰਵਾਉਂਦੀ ਰਹਿੰਦੀ ਹੈ। ਚੀਨੀ ਫੌਜ 'ਚ ਵੀ ਬਾਬਾ ਹਰਭਜਨ ਸਿੰਘ ਦਾ ਏਨਾ ਖੌਫ ਹੈ ਕਿ ਉਹ ਆਪਣੀ ਹੱਦ ਟੱਪਣ ਦੀ ਹਿੰਮਤ ਨਹੀਂ ਕਰਦਾ। ਪੰਜਾਬ ਰੈਜੀਮੈਂਟ ਦੀ ਸ਼ਾਨ ਮੰਨੇ ਜਾਂਦੇ ਬਾਬਾ ਹਰਭਜਨ ਸਿੰਘ ਦਾ ਇਕ ਮੰਦਿਰ ਵੀ ਬਣਿਆ ਹੋਇਆ ਹੈ, ਜਿੱਥੇ ਹਰ ਉਹ ਭਾਰਤੀ ਸੈਨਿਕ ਮੱਥਾ ਟੇਕਣ ਜਾਂਦਾ ਹੈ, ਜਿਨ੍ਹਾਂ ਦੀ ਡਿਊਟੀ ਨਥੂਲਾ ਬਾਰਡਰ 'ਤੇ ਲੱਗਦੀ ਹੈ।

PunjabKesari

ਇੰਝ ਰਿਹਾ ਬਾਬਾ ਹਰਭਜਨ ਸਿੰਘ ਦੇ ਜ਼ਿੰਦਗੀ ਦਾ ਸਫਰ
ਬਾਬਾ ਹਰਭਜਨ ਸਿੰਘ ਦਾ ਜਨਮ 30 ਅਗਸਤ 1946 ਨੂੰ ਕਪੂਰਥਲਾ ਦੇ ਪਿੰਡ ਤਲਵੰਡੀ ਕੂਕਾ ਵਿਖੇ ਹੋਇਆ। 4 ਅਕਤੂਬਰ 1968 ਨੂੰ ਡਿਊਟੀ ਦੌਰਾਨ ਬਾਬਾ ਹਰਭਜਨ ਸਿੰਘ ਸ਼ਹੀਦ ਹੋ ਗਏ ਸਨ ਪਰ ਭਾਰਤੀ ਫੌਜ ਨੇ 2006 'ਚ ਉਨ੍ਹਾਂ ਨੂੰ ਕੈਪਟਨ ਵਜੋਂ ਰਿਟਾਇਰ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਬਾਕਾਇਦਾ ਤਰੱਕੀ ਦਿੱਤੀ ਜਾਂਦੀ ਰਹੀ। ਬਾਬਾ ਹਰਭਜਨ ਦੀ ਭਾਬੀ ਸੱਤਿਆ ਨੇ ਦੱਸਿਆ ਕਿ 26 ਜਨਵਰੀ 1969 ਨੂੰ ਬਾਬਾ ਹਰਭਜਨ ਸਿੰਘ ਨੂੰ ਮਹਾਵੀਰ ਚੱਕਰ ਨਾਲ ਸਨਮਾਨਤ ਵੀ ਕੀਤਾ ਗਿਆ। ਸੇਵਾਕਾਲ ਦੌਰਾਨ ਕਰੀਬ ਹਰ ਸਾਲ 15 ਸਤੰਬਰ ਤੋਂ 15 ਨਵੰਬਰ ਤੱਕ ਬਾਬਾ ਹਰਭਜਨ ਸਿੰਘ ਨੂੰ 2 ਮਹੀਨਿਆਂ ਦੀ ਛੁੱਟੀ ਦਿੱਤੀ ਜਾਂਦੀ ਸੀ। ਬਾਬਾ ਹਰਭਜਨ ਸਿੰਘ ਸਰਹੱਦ 'ਤੇ ਸਿਰਫ ਫੌਜੀ ਜਵਾਨਾਂ ਨੂੰ ਹੀ ਨਹੀਂ ਸਗੋਂ ਆਪਣੇ ਪਰਿਵਾਰ ਨੂੰ ਵੀ ਬਾਬਾ ਹਰਭਜਨ ਸਿੰਘ ਆਪਣੇ ਹੋਣ ਦਾ ਅਹਿਸਾਸ ਕਰਵਾਉਂਦੇ ਰਹੇ।

ਇਹ ਗੱਲ ਸੁਣ ਕੇ ਸ਼ਾਇਦ ਵਿਸ਼ਵਾਸ ਨਾ ਹੋਵੇ ਪਰ ਪਰਿਵਾਰ ਦੱਸਦਾ ਹੈ ਕਿ ਬਾਬਾ ਹਰਭਜਨ ਸਿੰਘ ਦੇ ਸਾਥੀਆਂ ਮੁਤਾਬਕ ਉਨ੍ਹਾਂ ਨੇ ਆਪਣੀ ਲਾਸ਼ ਅਤੇ ਮੌਤ ਬਾਰੇ ਵੀ ਖੁਦ ਉਨ੍ਹਾਂ ਦੇ ਸੁਪਨੇ 'ਚ ਆ ਕੇ ਦੱਸਿਆ ਸੀ। ਬਾਬਾ ਹਰਭਜਨ ਸਿੰਘ ਦੀ ਹੋਂਦ ਨੂੰ ਸਿਰਫ ਭਾਰਤੀ ਫੌਜ ਹੀ ਨਹੀਂ ਚੀਨੀ ਫੌਜ ਵੀ ਮੰਨਦੀ ਅਤੇ ਮਹਿਸੂਸ ਕਰਦੀ ਹੈ। ਬਾਬਾ ਹਰਭਜਨ ਸਿੰਘ 'ਤੇ ਇਕ ਸ਼ਾਰਟ ਫਿਲਮ ਵੀ ਬਣੀ ਹੋਈ ਹੈ, ਜਿਸ 'ਚ ਬਾਬਾ ਹਰਭਜਨ ਸਿੰਘ ਦੀ ਹੋਂਦ ਅਤੇ ਉਨ੍ਹਾਂ ਦੀ ਦੇਸ਼ ਭਗਤੀ ਨੂੰ ਪੇਸ਼ ਕੀਤਾ ਗਿਆ ਹੈ। ਇਕ ਅਜਿਹਾ ਸੈਨਿਕ ਜਿਹੜਾ ਅਦ੍ਰਿਸ਼ ਹੈ ਪਰ ਉਸ ਦੀ ਹੋਂਦ ਦਾ ਅਹਿਸਾਸ ਅੱਜ ਵੀ ਜੀਵਤ ਹੈ। ਇਸ ਰਿਪੋਰਟ ਨੂੰ ਵਿਖਾਉਣ ਦਾ ਸਾਡਾ ਮਕਸਦ ਕਿਸੇ ਅੰਧ ਵਿਸ਼ਵਾਸ ਨੂੰ ਉਤਸ਼ਾਹਤ ਕਰਨਾ ਨਹੀਂ ਪਰ ਫੌਜ ਦੇ ਜਵਾਨਾਂ ਤੋਂ ਲੈ ਕੇ ਬਾਬਾ ਹਰਭਜਨ ਸਿੰਘ ਦੇ ਪਿੰਡ ਤੱਕ ਦੇ ਲੋਕਾਂ ਕੋਲ ਅਜਿਹੇ ਕਈ ਪ੍ਰਮਾਣ ਨੇ ਜੋ ਬਾਬਾ ਹਰਭਜਨ ਸਿੰਘ ਦੀ ਹੋਂਦ ਦਾ ਅਹਿਸਾਸ ਕਰਵਾ ਰਹੇ ਹਨ।


Related News