ਪੰਜਾਬ ''ਚ ਅਗਲੇ ਸਾਲ ਬੰਦ ਨਹੀਂ ਹੋਣਗੇ ਸ਼ਰਾਬ ਦੇ ਠੇਕੇ!

09/18/2018 6:33:20 PM

ਨਕੋਦਰ (ਪਾਲੀ)— ਪੰਜਾਬ 'ਚ ਅਗਲੇ ਸਾਲ ਸ਼ਰਾਬ ਦੇ ਠੇਕੇ ਬੰਦ ਨਹੀਂ ਹੋਣਗੇ, ਕਿਉਂਕਿ ਸੂਬੇ 'ਚ ਚੋਣਾਂ ਕਾਰਨ ਗ੍ਰਾਮ ਪੰਚਾਇਤਾਂ ਭੰਗ ਹੋ ਚੁੱਕੀਆਂ ਹਨ ਅਤੇ ਨਵੀਆਂ ਪੰਚਾਇਤਾਂ ਦੀ ਚੋਣ ਅਕਤੂਬਰ ਮਹੀਨੇ 'ਚ ਹੋਣ ਦੀ ਸੰਭਾਵਨਾ ਹੈ ਜਦਕਿ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ 19 ਸਤੰਬਰ ਨੂੰ ਹੋ ਰਹੀਆਂ ਹਨ। ਪੰਚਾਇਤਾਂ ਭੰਗ ਹੋਣ ਕਰਕੇ ਪਿੰਡਾਂ 'ਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਮਤੇ ਨਹੀਂ ਪੈ ਸਕਣਗੇ। ਸੂਤਰ ਦੱਸਦੇ ਹਨ ਕਿ ਨਿਯਮਾਂ ਮੁਤਾਬਕ ਗ੍ਰਾਮ ਪੰਚਾਇਤ ਨੇ ਆਪਣੇ ਪਿੰਡ 'ਚ ਜੇਕਰ ਠੇਕੇ ਬੰਦ ਕਰਵਾਉਣੇ ਹਨ ਤਾਂ ਪੰਚਾਇਤੀ ਮਤੇ 30 ਸਤੰਬਰ ਤੱਕ ਆਬਕਾਰੀ ਮਹਿਕਮੇ ਨੂੰ ਦੇਣੇ ਹੁੰਦੇ ਹਨ, ਜਿਸ ਮਗਰੋਂ ਨਿੱਜੀ ਸੁਣਵਾਈ ਹੁੰਦੀ ਹੈ। ਭਾਵੇਂ ਗ੍ਰਾਮ ਪੰਚਾਇਤਾਂ ਦੇ ਹੁਣ ਪ੍ਰਬੰਧਕ ਲੱਗੇ ਹੋਏ ਹਨ, ਜਿਨ੍ਹਾਂ ਨੂੰ ਸਰਕਾਰ ਨੇ ਸਿਰਫ ਵਿਕਾਸ ਕਾਰਜ ਕਰਵਾਉਣ ਦੇ ਹੀ ਅਧਿਕਾਰ ਦਿੱਤੇ ਹਨ। ਹੁਣ ਜਦੋਂ ਪੰਚਾਇਤਾਂ ਭੰਗ ਹਨ ਤਾਂ ਇਹ ਮਤੇ ਨਹੀਂ ਪੈਣਗੇ, ਜਿਸ ਕਰਕੇ ਅਗਲੇ ਮਾਲੀ ਵਰ੍ਹੇ ਦੌਰਾਨ ਸ਼ਰਾਬ ਦੇ ਠੇਕੇ  ਬੰਦ ਹੋਣ ਦੀ ਉਮੀਦ ਬਹੁਤ ਘੱਟ ਹੈ। ਪੰਜਾਬ ਸਰਕਾਰ ਨੂੰ ਇਸ ਦਾ ਮਾਲੀ ਤੌਰ 'ਤੇ ਫਾਇਦਾ ਹੈ, ਕਿਉਂਕਿ ਠੇਕੇ ਬੰਦ ਹੋਣ ਨਾਲ ਖਜ਼ਾਨੇ ਨੂੰ ਸੱਟ ਵੱਜਦੀ ਹੈ।

ਜੇਕਰ ਪਿਛਲੇ ਸਾਲਾਂ ਵੱਲ ਨਜ਼ਰ ਮਾਰੀਏ ਤਾਂ ਵੇਰਵੇ ਦੱਸਦੇ ਹਨ ਕਿ ਸਾਲ 2009-10 ਤੋਂ 2017-18 ਤੱਕ ਪੰਜਾਬ ਭਰ 'ਚ ਕਰੀਬ 900 ਤੋਂ ਵੱਧ ਪੰਚਾਇਤਾਂ ਨੇ ਆਪਣੇ ਪਿੰਡਾਂ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਮਤੇ ਸਰਕਾਰ ਕੋਲ ਭੇਜੇ ਸਨ। ਜਿਨ੍ਹਾਂ 'ਚੋਂ ਲਗਭਗ 520 ਪੰਚਾਇਤੀ ਮਤੇ ਪ੍ਰਵਾਨ ਕਰਕੇ ਉਨ੍ਹਾਂ ਪਿੰਡਾਂ 'ਚ ਠੇਕੇ ਬੰਦ ਕਰਨ ਦੀ ਕਾਰਵਾਈ ਅਮਲ 'ਚ ਲਿਆਂਦੀ ਸੀ।

ਪਿੰਡ''ਚ ਇਸ ਤਰ੍ਹਾਂ ਬੰਦ ਹੁੰਦੈ ਠੇਕਾ  
ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 (1) ਤਹਿਤ ਕੋਈ ਵੀ ਪੰਚਾਇਤ ਆਪਣੇ ਪਿੰਡ 'ਚ ਸ਼ਰਾਬ ਦਾ ਠੇਕਾ ਨਾ ਖੋਲ੍ਹੇ ਜਾਣ ਦਾ ਫੈਸਲਾ ਲੈ ਸਕਦੀ ਹੈ। ਉਕਤ ਪੰਚਾਇਤੀ ਮਤਾ ਦੋ ਤਿਹਾਈ ਬਹੁਮਤ ਨਾਲ ਪਾਸ ਹੋਣਾ ਲਾਜ਼ਮੀ ਹੈ ਅਤੇ ਪਿੰਡ 'ਚ ਪਿਛਲੇ ਦੋ ਸਾਲਾਂ ਦੌਰਾਨ ਕੋਈ ਆਬਾਕਾਰੀ ਜੁਰਮ ਨਹੀਂ ਹੋਣਾ ਚਾਹੀਦਾ। ਪੰਚਾਇਤ ਪਿੰਡ 'ਚ ਠੇਕਾ ਬੰਦ ਕਰਵਾਉਣ ਦੇ ਪਾਸ ਕੀਤੇ ਮਤੇ ਨੂੰ ਹਰ ਹਾਲਤ 'ਚ 30 ਸਤੰਬਰ ਤੱਕ ਸਰਕਾਰ ਕੋਲ ਭੇਜਣਾ ਲਾਜ਼ਮੀ ਹੈ।


Related News