ਟਾਂਡਾ : ਚਾਹਲ ਗੰਨ ਹਾਊਸ ''ਚ ਚੱਲੀਆਂ ਗੋਲੀਆਂ, ਇਕ ਐੱਨ. ਆਰ. ਆਈ. ਔਰਤ ਦੀ ਮੌਤ

09/18/2018 6:33:51 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਅੱਜ ਦੁਪਹਿਰ ਕਰੀਬ 1 ਵਜੇ ਦੇ ਕਰੀਬ ਜਾਜਾ ਬਾਈਪਾਸ ਨਜ਼ਦੀਕ ਚਾਹਲ ਗੰਨ ਹਾਊਸ 'ਚ ਗੋਲੀਆਂ ਚੱਲਣ ਕਾਰਨ ਅਚਾਨਕ ਸਨਸਨੀ ਫੈਲ ਗਈ। ਦੱਸ ਦਈਏ ਕਿ ਗੋਲੀਆਂ ਗੰਨ ਹਾਊਸ ਦੇ ਮਾਲਕ ਸਰਬਜੀਤ ਸਿੰਘ ਦੇ ਨੌਜਵਾਨ ਪੁੱਤਰ ਅਮਨਪ੍ਰੀਤ ਸਿੰਘ ਵੱਲੋਂ ਚਲਾਈਆਂ ਗਈਆਂ ਜਿਸਦੀ ਪੁਸ਼ਟੀ ਸੀ. ਸੀ. ਟੀ. ਵੀ. ਫੁਟੇਜ ਦੇਖਣ ਤੋਂ ਬਾਅਦ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਕੀਤੀ ਹੈ। ਇਸ ਗੋਲੀ ਕਾਂਡ 'ਚ ਇਕ ਐਨ .ਆਰ .ਆਈ . ਔਰਤ ਦੀ ਮੌਤ ਹੋ ਗਈ ਜਦਕਿ ਉਸ ਦੀ ਭਰਜਾਈ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸਰਬਜੀਤ ਕੌਰ ਪਤਨੀ ਗੁਰਮਿੰਦਰ ਸਿੰਘ ਨਿਵਾਸੀ ਪਿਪਲਾਂਵਾਲੀ ਹੁਸ਼ਿਆਰਪੁਰ ਦੇ ਰੂਪ 'ਚ ਹੋਈ ਹੈ ਜਦਕਿ ਗੋਲੀ ਲੱਗਣ ਕਾਰਨ ਗੰਭੀਰ ਜਖ਼ਮੀ ਹੋਈ ਦੂਸਰੀ ਔਰਤ ਦੀ ਪਛਾਣ ਦਲਵੀਰ ਕੌਰ ਪਤਨੀ ਅਮਨਦੀਪ ਸਿੰਘ ਨਿਵਾਸੀ ਝਾਵਾਂ ਦੇ ਰੂਪ 'ਚ ਹੋਈ ਹੈ, ਜਿਸਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।\

ਮ੍ਰਿਤਕ ਸਰਬਜੀਤ ਕੌਰ 7 ਸਤੰਬਰ ਨੂੰ ਕੈਨੇਡਾ ਤੋਂ ਆਈ ਸੀ, ਦੋ ਬੱਚਿਆਂ ਦੀ ਮਾਂ ਸੀ ਅਤੇ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਉਪਰੰਤ ਮੌਕੇ 'ਤੇ ਪਹੁੰਚੇ  ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਪ੍ਰਦੀਪ ਸਿੰਘ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਤਫਤੀਸ਼ ਸ਼ੁਰੂ ਕੀਤੀ ਹੈ। ਗੋਲੀ ਚਲਾਉਣ ਵਾਲੇ ਗੰਨ ਹਾਊਸ ਦੇ ਮਾਲਕ ਦੇ ਬੇਟੇ ਅਮਨਪ੍ਰੀਤ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੋਵੇਂ ਔਰਤਾਂ ਪਿੰਡ ਝਾਵਾਂ ਤੋਂ ਟਾਂਡਾ ਆਈਆਂ ਹੋਈਆਂ ਸਨ ਅਤੇ ਆਪਣੇ ਜਾਣਕਾਰ ਸਰਬਜੀਤ ਸਿੰਘ ਦੇ ਗੰਨ ਹਾਊਸ ਕਿਸੇ ਕੰਮ ਆਈਆਂ ਸਨ। ਨੌਜਵਾਨ ਵੱਲੋਂ ਔਰਤਾਂ ਨੂੰ ਗੋਲੀਆਂ ਕਿਨ੍ਹਾਂ ਹਾਲਾਤ 'ਚ ਮਾਰੀਆਂ ਗਈਆਂ ਅਜੇ ਸਪੱਸ਼ਟ ਨਹੀਂ ਹੋ ਸਕਿਆ।


Related News