ਜਗ ਬਾਣੀ/ਨਵੋਦਿਅਾ ਟਾਈਮਜ਼ ਨਾਲ ਵਿਸ਼ੇਸ਼ ਇੰਟਰਵਿਊ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

09/18/2018 6:34:51 PM

ਜਲੰਧਰ,(ਰਮਨਦੀਪ ਸਿੰਘ ਸੋਢੀ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਅਤੇ ਭਾਜਪਾ ਵਰਗੀਆਂ ਪਾਰਟੀਆਂ ਵਿਕਾਸ ਦੇ ਜੋ ਕੰਮ 70 ਵਰ੍ਹਿਆਂ ’ਚ ਨਹੀਂ ਕਰ ਸਕੀਆਂ, ਉਹ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਸਾਢੇ 3 ਵਰ੍ਹਿਆਂ ਦੇ ਕਾਰਜਕਾਲ ’ਚ ਕਰ ਕੇ ਦਿਖਾ ਦਿੱਤੇ ਹਨ। ਸਾਡੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੇਜਰੀਵਾਲ ਨੇ ਦਿੱਲੀ ਵਿਚ ਸਿਹਤ, ਸਿੱਖਿਆ, ਬਿਜਲੀ ਅਤੇ ਪਾਣੀ ਦੇ ਖੇਤਰ ‘ਚ ਸਰਕਾਰ ਵਲੋਂ ਕੀਤੇ ਕਾਰਜਾਂ ਤੋਂ ਇਲਾਵਾ ਪੰਜਾਬ ‘ਚ ਪਾਰਟੀ ਦੀ ਮੌਜੂਦਾ ਸਥਿਤੀ, ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਕੇਂਦਰ ਸਰਕਾਰ ਦੇ 4 ਵਰ੍ਹਿਆਂ ਦੇ ਕਾਰਜਕਾਲ ਸਬੰਧੀ ਗੱਲਬਾਤ ਕੀਤੀ। ਪੇਸ਼ ਹੈ ਅਰਵਿੰਦ ਕੇਜਰੀਵਾਲ ਨਾਲ ਹੋਈ ਪੂਰੀ ਗੱਲਬਾਤ :

PunjabKesari

ਕੇਂਦਰ ਸਰਕਾਰ ਘਟਾਵੇ ਪੈਟਰੋਲ ’ਤੇ ਅੈਕਸਾਈਜ਼ ਡਿਊਟੀ—

ਸਵਾਲ— ਪੈਟਰੋਲ ਦੇ ਰੇਟ ’ਤੇ ਕੇਂਦਰ ਸਰਕਾਰ ਸੂਬਿਆਂ ਤੋਂ ਵੈਟ ਘੱਟ ਕਰਨ ਨੂੰ ਕਹਿ ਰਹੀ ਹੈ। ਕੀ ਤੁਸੀਂ ਦਿੱਲੀ ਵਿਚ ਵੈਟ ਘੱਟ ਕਰੋਗੇ?
ਜਵਾਬ— 4 ਵਰ੍ਹੇ ਪਹਿਲਾਂ ਜਦੋਂ ਭਾਜਪਾ ਕੇਂਦਰ ਦੀ ਸੱਤਾ ਵਿਚ ਆਈ ਸੀ ਤਾਂ ਉਸ ਸਮੇਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਭਾਅ ਡਿਗਣੇ ਸ਼ੁਰੂ ਹੋ ਗਏ ਸਨ ਪਰ ਇਸ ਦਾ ਫਾਇਦਾ ਜਨਤਾ ਨੂੰ ਨਹੀਂ ਮਿਲਿਆ ਅਤੇ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਦੁੱਗਣੀ ਕਰ ਦਿੱਤੀ, ਹੁਣ ਜੇਕਰ ਕੇਂਦਰ ਨੇ ਟੈਕਸ ਦੁੱਗਣਾ ਕੀਤਾ ਹੈ ਤਾਂ ਕੇਂਦਰ ਨੂੰ ਇਹ ਟੈਕਸ ਘੱਟ ਕਰਨਾ ਚਾਹੀਦਾ ਹੈ, ਅਸੀਂ ਕਿਉਂ ਕਰੀਏ। ਜੇਕਰ ਅੱਜ ਅਸੀਂ ਟੈਕਸ ਘੱਟ ਕਰ ਦੇਈਏ ਤਾਂ ਕੇਂਦਰ ਸਰਕਾਰ ਫਿਰ ਟੈਕਸ ਵਧਾ ਦੇਵੇਗੀ, ਇਸ ਦੀ ਨੀਅਤ ਵਿਚ ਖਰਾਬੀ ਹੈ। ਇਸ ਤਰ੍ਹਾਂ ਸੂਬਿਆਂ ਦਾ ਮਾਲੀਆ ਵੀ ਕੇਂਦਰ ਕੋਲ ਚਲਾ ਜਾਵੇਗਾ।

ਸਵਾਲ— ਲੋਕ ਸਭਾ ਚੋਣਾਂ ਆ ਰਹੀਆਂ ਹਨ, ਆਮ ਆਦਮੀ ਪਾਰਟੀ ਦੀ ਕੀ ਤਿਆਰੀ ਹੈ?
ਜਵਾਬ— ਸਾਡੀ ਤਿਆਰੀ ਚੰਗੀ ਹੈ। ਅਸੀਂ ਚੰਗੇ ਕੰਮ ਕੀਤੇ ਹਨ, ਚੰਗੀ ਸਿਆਸਤ ਕੀਤੀ ਹੈ, ਲੋਕਾਂ ਨੂੰ ਗਵਰਨੈਂਸ ਕਰ ਕੇ ਦਿਖਾਈ ਹੈ। ਦਿੱਲੀ ਵਿਚ ਬਿਜਲੀ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ। ਅੱਜ ਦਿੱਲੀ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਆ ਰਹੇ ਹਨ। ਹਸਪਤਾਲਾਂ ‘ਚ ਏਅਰਕੰਡੀਸ਼ਨ ਲਗਵਾ ਦਿੱਤੇ ਗਏ ਹਨ। ਲੋਕਾਂ ਨੂੰ ਮੁਫਤ ‘ਚ ਦਵਾਈਆਂ ਮਿਲ ਰਹੀਆਂ ਹਨ ਅਤੇ ਮੁਫਤ ਵਿਚ ਟੈਸਟ ਕੀਤੇ ਜਾ ਰਹੇ ਹਨ। ਮੁਹੱਲਾ ਕਲੀਨਿਕਾਂ ਨਾਲ ਲੋਕਾਂ ਨੂੰ ਸਹੂਲਤ ਮਿਲੀ ਹੈ। ਅਸੀਂ ਆਪਣੇ ਕੰਮਾਂ ਦੇ ਆਧਾਰ ‘ਤੇ ਚੋਣਾਂ ‘ਚ ਜਾਵਾਂਗੇ।

ਸਵਾਲ— ਕੀ ਦਿੱਲੀ ‘ਚ ਕੀਤੇ ਗਏ ਕੰਮਾਂ ਦੇ ਆਧਾਰ ‘ਤੇ ਦੇਸ਼ ਵਿਚ ਵੋਟ ਮਿਲੇਗੀ?
ਜਵਾਬ— ਅਸੀਂ ਦਿੱਲੀ ਵਿਚ ਆਪਣੇ ਪਹਿਲੇ ਕਾਰਜਕਾਲ ਦੇ 49 ਦਿਨਾਂ ਦੇ ਅੰਦਰ ਕੀਤੇ ਗਏ ਕੰਮਾਂ ਦੇ ਆਧਾਰ ‘ਤੇ ਲੋਕ ਸਭਾ ਚੋਣਾਂ ਲੜੀਆਂ ਸਨ। ਪਹਿਲੇ ਕਾਰਜਕਾਲ ਵਿਚ ਹੀ ਅਸੀਂ 49 ਦਿਨਾਂ ‘ਚ ਬਿਜਲੀ-ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਸੀ ਅਤੇ ਭ੍ਰਿਸ਼ਟਾਚਾਰ ਸਬੰਧੀ ਵੱਡੇ ਲੋਕਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਸਨ, ਜਿਸ ਦਾ ਨਤੀਜਾ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚੋਂ 4 ਸੀਟਾਂ ਦੇ ਰੂਪ ਵਿਚ ਹਾਸਲ ਹੋਇਆ। ਉਸ ਸਮੇਂ ਸਾਡੀ ਪਾਰਟੀ ਸਿਰਫ ਇਕ ਸਾਲ ਪੁਰਾਣੀ ਸੀ। ਜੇਕਰ 49 ਦਿਨਾਂ ਦੀ ਸਰਕਾਰ ਦੇ ਕੰਮਕਾਜ ਦੇ ਆਧਾਰ ‘ਤੇ 4 ਸੀਟਾਂ ਹਾਸਲ ਹੋ ਸਕਦੀਆਂ ਹਨ ਤਾਂ ਅੱਜ ਦਿੱਲੀ ਦੇ ਕੰਮਕਾਜ ਦੀ ਚਰਚਾ ਦੇਸ਼ ਵਿਚ ਹੀ ਨਹੀਂ, ਵਿਦੇਸ਼ ਵਿਚ ਵੀ ਹੋ ਰਹੀ ਹੈ। ਅੱਜ ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼ ਵਿਚ ਮੁਹੱਲਾ ਕਲੀਨਿਕ ਦੇ ਮਾਡਲ ‘ਤੇ ਕੰਮ ਹੋਣਾ ਸ਼ੁਰੂ ਹੋ ਗਿਆ ਹੈ। ਪਹਿਲਾਂ ਦੇਸ਼ ਵਿਚ ਧਰਮ ਅਤੇ ਜਾਤੀ ਦੀ ਸਿਆਸਤ ਚਲਦੀ ਸੀ, ਹੁਣ ਦਿੱਲੀ ਦੇ ਮਾਡਲ ਦੀ ਚਰਚਾ ਹੋ ਰਹੀ ਹੈ। ਲੋਕ ਆਪਣੇ ਜਨ-ਪ੍ਰਤੀਨਿਧੀਆਂ ਤੋਂ ਕੰਮ ਮੰਗ ਰਹੇ ਹਨ। ਇਸ ਦਾ ਅਸਰ ਲੋਕ ਸਭਾ ਚੋਣਾਂ ‘ਚ ਨਜ਼ਰ ਆਏਗਾ। ਅੱਜ ਹਰਿਆਣਾ ਨੂੰ ਬਿਜਲੀ ਦੇ ਰੇਟ ਘੱਟ ਕਰਨ ਨੂੰ ਮਜਬੂਰ ਹੋਣਾ ਪਿਆ ਹੈ ਪਰ ਸਵਾਲ ਇਹ ਹੈ ਕਿ ਰੇਟ ਹੁਣ ਘੱਟ ਕਿਉਂ ਕੀਤੇ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਗਲੀਆਂ ਚੋਣਾਂ ਵਿਚ ਬਿਜਲੀ ਮੁੱਦਾ ਬਣੇਗੀ। ਇਹ ਕਟੌਤੀ ਸਿਰਫ ਦਿਖਾਵਾ ਹੈ ਅਤੇ ਚੋਣਾਂ ਤੋਂ ਬਾਅਦ ਰੇਟ ਫਿਰ ਤੋਂ ਵਧਾ ਲਏ ਜਾਣਗੇ।

ਸਵਾਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 4 ਵਰ੍ਹਿਆਂ ‘ਚ ਕੀਤੇ ਗਏ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ— ਪ੍ਰਧਾਨ ਮੰਤਰੀ ਨੇ 4 ਵਰ੍ਹਿਆਂ ਵਿਚ ਕੀਤਾ ਹੀ ਕੀ ਹੈ? ਮੈਂ ਜਦੋਂ ਉਨ੍ਹਾਂ ਦੇ ਕੱਟੜ ਸਮਰਥਕਾਂ ਨੂੰ ਵੀ ਉਨ੍ਹਾਂ ਦੇ ਕੰਮਾਂ ਸਬੰਧੀ ਸਵਾਲ ਪੁੱਛਦਾ ਹਾਂ ਤਾਂ ਉਨ੍ਹਾਂ ਕੋਲ ਜਵਾਬ ਨਹੀਂ ਹੁੰਦਾ। ਉਨ੍ਹਾਂ ਬਾਰੇ ਸਮਰਥਕ ਇਹੋ ਕਹਿੰਦੇ ਹਨ ਕਿ ਉਹ 24 ਘੰਟੇ ਕੰਮ ਕਰਦੇ ਹਨ, ਸੌਂਦੇ ਨਹੀਂ ਹਨ ਪਰ ਇਹ ਤਾਂ ਦੱਸੋ ਕਿ ਕਰਦੇ ਕੀ ਹਨ? ਨੋਟਬੰਦੀ ਅਤੇ ਜੀ. ਐੱਸ. ਟੀ. ਰਾਹੀਂ ਕਾਰੋਬਾਰ ਤਬਾਹ ਕਰ ਦਿੱਤੇ, ਬੇਰੋਜ਼ਗਾਰੀ ਵਧ ਗਈ, ਉਨ੍ਹਾਂ ਦੀ ਪਾਰਟੀ ਧਰਮ ਅਤੇ ਜਾਤ ਦੀ ਸਿਆਸਤ ਕਰਦੀ ਹੈ। ਜੇਕਰ ਲੋਕਾਂ ਨੂੰ ਧਰਮ ਅਤੇ ਜਾਤ ਦੀ ਸਿਆਸਤ ਚਾਹੀਦੀ ਹੈ ਤਾਂ ਕਾਂਗਰਸ-ਭਾਜਪਾ ਕੋਲ ਜਾਓ ਅਤੇ ਜੇਕਰ ਆਪਣੇ ਬੱਚਿਆਂ ਲਈ ਚੰਗੀ ਸਿੱਖਿਆ, ਸਿਹਤ ਅਤੇ ਹਸਪਤਾਲ ਚਾਹੀਦੇ ਹਨ ਤਾਂ ਸਾਡੇ ਕੋਲ ਆਓ। ਸਾਡੀ ਨੀਅਤ ਠੀਕ ਹੈ, ਸਾਨੂੰ ਸਰਕਾਰ ਚਲਾਉਣੀ ਆਉਂਦੀ ਹੈ ਅਤੇ ਅਸੀਂ ਇਹ ਕਰ ਕੇ ਦਿਖਾਇਆ ਹੈ।

ਸਵਾਲ— ਜੇਕਰ ਤੁਸੀਂ ਕੰਮ ਕਰ ਰਹੇ ਹੋ ਤਾਂ ਦਿੱਲੀ ਯੂਨੀਵਰਸਿਟੀ ਵਿਚ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ‘ਚ ਕਿਉਂ ਹਾਰ ਗਏ?
ਜਵਾਬ— ਇਹ ਵੱਖਰੀਆਂ ਚੋਣਾਂ ਹੁੰਦੀਆਂ ਹਨ। ਇਸ ਵਿਚ ਪਾਰਟੀ ਚੋਣ ਨਹੀਂ ਲੜ ਰਹੀ ਸੀ, ਇਹ ਬੱਚਿਆਂ ਦੀ ਚੋਣ ਸੀ। ਅਸੀਂ ਬਤੌਰ ਪਾਰਟੀ ਮੈਦਾਨ ਵਿਚ ਨਹੀਂ ਉਤਰੇ ਸੀ ਅਤੇ ਨਾ ਹੀ ਚੋਟੀ ਦੀ ਲੀਡਰਸ਼ਿਪ ਨੇ ਇਸ ‘ਚ ਕੋਈ ਦਿਲਚਸਪੀ ਦਿਖਾਈ ਸੀ। ਕਈ ਹੋਰ ਸੂਬਿਆਂ ਵਿਚ ਵੀ ਅਜਿਹਾ ਹੀ ਹੋਇਆ ਅਤੇ ਅਸੀਂ ਚੋਣਾਂ ਹਾਰ ਗਏ ਸੀ ਪਰ ਪੰਜਾਬ ਵਿਚ ਪੂਰੀ ਪਾਰਟੀ ਚੋਣਾਂ ਲੜੀ ਸੀ ਅਤੇ ਮੈਂ ਖੁਦ ਪ੍ਰਚਾਰ ਕੀਤਾ ਸੀ।

ਅਸਤੀਫਾ ਨਾ ਦੇਣ ਫੂਲਕਾ, ਛੋਟੇਪੁਰ ਤੇ ਗਾਂਧੀ ਨੂੰ ਘਰ ਵਾਪਸੀ ਦੀ ਅਪੀਲ—

PunjabKesari

ਸਵਾਲ— ਸੁਖਪਾਲ ਸਿੰਘ ਖਹਿਰਾ ਦਾ ਦੋਸ਼ ਹੈ ਕਿ ਤੁਸੀਂ ਪਾਰਟੀ ਦੀਆਂ ਖਾਮੀਆਂ ’ਤੇ ਉਨ੍ਹਾਂ ਦੀ ਗੱਲ ਨਹੀਂ ਸੁਣਦੇ, ਇਸੇ ਕਾਰਨ ਪਾਰਟੀ ‘ਚ ਬਿਖਰਾਅ ਹੈ?
ਜਵਾਬ— ਇਹ ਸਾਡੇ ਪਰਿਵਾਰ ਦਾ ਮਾਮਲਾ ਹੈ। ਮੈਂ ਮੰਨਦਾ ਹਾਂ ਕਿ ਪਾਰਟੀ ਵਿਚ ਖਿੱਚ-ਧੂਹ ਚੱਲ ਰਹੀ ਹੈ ਪਰ ਇਸ ਨੂੰ ਸੁਲਝਾ ਲਿਆ ਜਾਵੇਗਾ।

ਸਵਾਲ— ਪਰ ਇਹ ਖਿੱਚ-ਧੂਹ ਤਾਂ ਸੜਕਾਂ ‘ਤੇ ਆ ਚੁੱਕੀ ਹੈ।
ਜਵਾਬ— ਨਹੀਂ, ਅਜਿਹਾ ਨਹੀਂ ਹੈ, ਸਾਰੀਆਂ ਪਾਰਟੀਆਂ ਵਿਚ ਉਥਲ-ਪੁਥਲ ਚੱਲਦੀ ਰਹਿੰਦੀ ਹੈ। ਭਾਰਤੀ ਜਨਤਾ ਪਾਰਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਿਤ ਸ਼ਾਹ ਤੋਂ ਇਲਾਵਾ ਕੋਈ ਤਾਰੀਫ ਨਹੀਂ ਕਰਦਾ, ਉਥੇ ਸਭ ਰੁੱਸੇ ਹੋਏ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਮੇਨਕਾ ਗਾਂਧੀ, ਉਮਾ ਭਾਰਤੀ ਇਨ੍ਹਾਂ ਵਿਚੋਂ ਕਿਸੇ ਦੀ ਪ੍ਰਧਾਨ ਮੰਤਰੀ ਨਾਲ ਨਹੀਂ ਬਣਦੀ ਪਰ ਸਭ ਮਜਬੂਰੀ ‘ਚ ਉਨ੍ਹਾਂ ਦੇ ਨਾਲ ਹਨ।

ਸਵਾਲ— ਪੰਜਾਬ ਦੇ ਨੇਤਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਕ ਟਵੀਟ ਰਾਹੀਂ ਹੀ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ,  ਵਿਰੋਧੀ ਧਿਰ ਦੇ ਨੇਤਾ ਨੂੰ ਬਦਲਣ ਦੀ ਲੋੜ ਕਿਉਂ ਪੈ ਗਈ?
ਜਵਾਬ— ਅਸੀਂ ਦਲਿਤਾਂ ਨੂੰ ਮੌਕਾ ਦੇਣਾ ਚਾਹੁੰਦੇ ਸੀ। ਦਲਿਤ ਵਰਗ ਲੰਮੇ ਸਮੇਂ ਤੋਂ ਸ਼ੋਸ਼ਿਤ ਹੈ। ਉਂਝ ਤਾਂ ਆਮ ਆਦਮੀ ਪਾਰਟੀ ਨੂੰ ਸਾਰੇ ਵਰਗਾਂ ਦਾ ਸਮਰਥਨ ਹਾਸਲ ਹੈ ਪਰ ਦਲਿਤਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਅਤੇ ਪੰਜਾਬ ਦੋਵਾਂ ਥਾਵਾਂ ‘ਤੇ ਭਾਰੀ ਸਮਰਥਨ ਦਿੱਤਾ ਹੈ। ਲਿਹਾਜ਼ਾ ਉਨ੍ਹਾਂ ਨੂੰ ਅਗਵਾਈ ਅਤੇ ਅਹੁਦੇ ਰਾਹੀਂ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਪਾਰਟੀ ਨੇ ਇਹੋ ਕੀਤਾ ਹੈ।

ਸਵਾਲ— ਜੇਕਰ ਅਜਿਹਾ ਹੈ ਤਾਂ ਦਿੱਲੀ ਵਿਚ ਦਲਿਤ ਚਿਹਰੇ ਨੂੰ ਵੱਡਾ ਅਹੁਦਾ ਕਿਉਂ ਨਹੀਂ ਦਿੱਤਾ ਗਿਆ?
ਜਵਾਬ— ਇਹ ਕੁਤਰਕ ਹੈ, ਮੈਂ ਇਸ ਵਿਚ ਨਹੀਂ ਪੈਣਾ ਚਾਹੁੰਦਾ। ਦਿੱਲੀ ਵਿਚ ਅਸੀਂ ਜਿੰਨੀ ਅਗਵਾਈ ਦੇ ਸਕਦੇ ਹਾਂ, ਉਹ ਅਸੀਂ ਦੇ ਰਹੇ ਹਾਂ।

ਸਵਾਲ— ਪੰਜਾਬ ਵਿਚ ਸੁੱਚਾ ਸਿੰਘ ਛੋਟੇਪੁਰ ਅਤੇ ਧਰਮਵੀਰ ਗਾਂਧੀ ਦੀ ਪਾਰਟੀ ‘ਚ ਵਾਪਸੀ ਸਬੰਧੀ ਚੱਲ ਰਹੀ ਚਰਚਾ ‘ਚ ਕਿੰਨੀ ਸੱਚਾਈ ਹੈ?
ਜਵਾਬ—
ਅਸੀਂ ਚਾਹੁੰਦੇ ਹਾਂ ਕਿ ਉਹ ਦੋਵੇਂ ਵਾਪਸ ਆ ਜਾਣ। ਦੋਵਾਂ ਨਾਲ ਗੱਲਬਾਤ ਚੱਲ ਰਹੀ ਹੈ। ਮੈਂ ਦੋਵਾਂ ਨੂੰ ਤੁਹਾਡੇ ਰਾਹੀਂ ਪਾਰਟੀ ‘ਚ ਵਾਪਸੀ ਦੀ ਅਪੀਲ ਕਰਾਂਗਾ।

ਸਵਾਲ— ਪਰ ਛੋਟੇਪੁਰ ਨੂੰ ਤਾਂ ਭ੍ਰਿਸ਼ਟਾਚਾਰ ਦਾ ਸਟਿੰਗ ਆਪ੍ਰੇਸ਼ਨ ਹੋਣ ਦਾ ਹਵਾਲਾ ਦੇ ਕੇ ਕੱਢਿਆ ਗਿਆ ਸੀ, ਉਸ ਦਾ ਕੀ ਹੋਵੇਗਾ?
ਜਵਾਬ—
 ਉਨ੍ਹਾਂ ਨਾਲ ਬੈਠ ਕੇ ਗੱਲਬਾਤ ਕਰਾਂਗੇ।

ਸਵਾਲ— ਭਗਵੰਤ ਮਾਨ ਤੁਹਾਡੇ ਵਲੋਂ ਬਿਕਰਮ ਮਜੀਠੀਆ ਤੋਂ ਮੰਗੀ ਗਈ ਮੁਆਫੀ ਨੂੰ ਲੈ ਕੇ ਨਾਰਾਜ਼ ਹਨ, ਉਹ ਅਸਤੀਫਾ ਵਾਪਸ ਨਹੀਂ ਲੈਣਾ ਚਾਹੁੰਦੇ।
ਜਵਾਬ—
ਮੇਰੀ ਕੋਈ ਨਾਰਾਜ਼ਗੀ ਨਹੀਂ ਹੈ। ਮੇਰਾ ਫੋਨ ਚੈੱਕ ਕਰ ਲਓ, ਮੇਰੀ ਰੋਜ਼ ਉਨ੍ਹਾਂ ਨਾਲ ਚਾਰ ਵਾਰ ਗੱਲ ਹੁੰਦੀ ਹੈ। ਮੈਂ ਆਪਣਾ ਕਾਲਸ ਰਿਕਾਰਡ ਦਿਖਾ ਸਕਦਾ ਹਾਂ। ਆਓ, ਅਸੀਂ ਦੇਸ਼ ਦੀਆਂ ਸਮੱਸਿਆਵਾਂ ‘ਤੇ ਗੱਲ ਕਰਦੇ ਹਾਂ, ਪੰਜਾਬ ‘ਤੇ ਗੱਲ ਕਰਦੇ ਹਾਂ, ਪਾਰਟੀ ‘ਚ ਕੀ ਚੱਲ ਰਿਹਾ ਹੈ ਮੇਰੇ ‘ਤੇ ਛੱਡ ਦਿਓ, ਮੈਂ ਸੰਭਾਲ ਲਵਾਂਗਾ।

ਸਵਾਲ— ਵਿਜੇ ਮਾਲਿਆ ਦੇ ਦੇਸ਼ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨਾਲ ਮੁਲਾਕਾਤ ਦੇ ਬਿਆਨ ‘ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
ਜਵਾਬ—
 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਲਿਆ ਮਾਮਲੇ ਦੇ ਨਾਲ-ਨਾਲ ਰਾਫੇਲ ਡੀਲ ‘ਤੇ ਵੀ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਗੱਲ ਹੁਣ ਸਿੱਧੇ ਪ੍ਰਧਾਨ ਮੰਤਰੀ ਤੱਕ ਪਹੁੰਚ ਗਈ ਹੈ। ਉਹ ਈਮਾਨਦਾਰੀ ਨੂੰ ਮੁੱਦਾ ਬਣਾ ਕੇ ਸੱਤਾ ਵਿਚ ਆਏ ਸਨ, ਹੁਣ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ 560 ਕਰੋੜ ਰੁਪਏ ਦਾ ਏਅਰਕ੍ਰਾਫਟ 1500 ਕਰੋੜ ਵਿਚ ਕਿਉਂ ਖਰੀਦਿਆ ਅਤੇ 10 ਦਿਨ ਪੁਰਾਣੀ ਕੰਪਨੀ ਨੂੰ ਇਸ ਮਾਮਲੇ ਵਿਚ ਠੇਕਾ ਕਿਵੇਂ ਮਿਲ ਗਿਆ। ਵਿਜੇ ਮਾਲਿਆ ਨੂੰ ਦੇਸ਼ ‘ਚੋਂ ਕਿਉਂ ਭਜਾਇਆ ਗਿਆ। ਇਸ ਗੱਲ ਸਬੰਧੀ ਮੋਦੀ ਦੇ ਸਮਰਥਕ ਵੀ ਉਨ੍ਹਾਂ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਦੀਆਂ ਉਮੀਦਾਂ ਵੀ ਟੁੱਟ ਚੁੱਕੀਆਂ ਹਨ।

ਸਵਾਲ— ਹਰਵਿੰਦਰ ਸਿੰਘ ਫੂਲਕਾ ਅਸਤੀਫਾ ਦੇਣ ‘ਤੇ ਅੜੇ ਹਨ, ਇਸ ‘ਤੇ ਤੁਹਾਡੀ ਉਨ੍ਹਾਂ ਨਾਲ ਕੋਈ ਗੱਲਬਾਤ ਹੋਈ ਹੈ?
ਜਵਾਬ—
ਉਨ੍ਹਾਂ ਦੀ ਮੰਗ ਬਿਲਕੁਲ ਜਾਇਜ਼ ਹੈ। ਉਹ ਐੱਫ. ਆਈ. ਆਰ. ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਪਾਉਣ ਦੀ ਮੰਗ ਕਰ ਰਹੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਬਹਿਬਲ ਕਲਾਂ ਵਿਚ ਹੋਈ ਫਾਇਰਿੰਗ ਦੇ ਮਾਮਲੇ ਵਿਚ ਬਾਦਲਾਂ ‘ਤੇ ਉਂਗਲੀ ਉਠਾਈ ਗਈ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਲੋਕਾਂ ਨੇ ਉਨ੍ਹਾਂ ਨੂੰ ਵਿਧਾਨ ਸਭਾ ਦੇ ਅੰਦਰ ਸੰਘਰਸ਼ ਕਰਨ ਅਤੇ ਲੜਨ ਲਈ ਭੇਜਿਆ ਹੈ। ਮੇਰੀ ਵੀ ਉਨ੍ਹਾਂ ਨਾਲ ਮੁਲਾਕਾਤ ਹੋਈ ਹੈ ।

ਸਵਾਲ— ਕੀ ਪੰਜਾਬ ਵਿਚ ਤੁਸੀਂ ਨਾਂਹ-ਪੱਖੀ ਚੋਣ ਪ੍ਰਚਾਰ ਕਾਰਨ ਹਾਰੇ?
ਜਵਾਬ—
ਮੇਰਾ ਚੋਣ ਪ੍ਰਚਾਰ ਮੁੱਦਿਆਂ ‘ਤੇ ਆਧਾਰਿਤ ਸੀ। ਅਸੀਂ ਤਾਂ ਇਥੇ ਬਿਜਲੀ, ਪਾਣੀ, ਸਿਹਤ ਅਤੇ ਸਿੱਖਿਆ ਦੇ ਆਲੇ-ਦੁਆਲੇ ਪ੍ਰਚਾਰ ਕੀਤਾ ਸੀ।

ਸਵਾਲ— ਭਗਵੰਤ ਮਾਨ ਤਾਂ ਬਿਕਰਮ ਮਜੀਠੀਆ ਨੂੰ ਲੈ ਕੇ ਕਿੱਕਲੀਆਂ ਪਾ ਰਹੇ ਸਨ, ਕੀ ਇਹ ਨਾਂਹ-ਪੱਖੀ ਪ੍ਰਚਾਰ ਨਹੀਂ ਸੀ? 
ਜਵਾਬ—
ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਹਰ ਕਿਸੇ ਦਾ ਆਪਣਾ ਵਿਸ਼ਲੇਸ਼ਣ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮੈਂ ਮੋਗਾ ਵਿਚ ਕਿਸੇ ਵਿਅਕਤੀ ਦੇ ਘਰ ਠਹਿਰਿਆ ਸੀ, ਉਹ ਹਾਰ ਦਾ ਕਾਰਨ ਬਣਿਆ। ਕੁਝ ਲੋਕ ਚੋਣ ਪ੍ਰਚਾਰ ਦੇ ਆਖਰੀ ਦਿਨ ਪੈਸਾ ਵੰਡਣ ਨੂੰ ਹਾਰ ਦਾ ਕਾਰਨ ਦੱਸ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ, ਭਾਜਪਾ ਅਤੇ  ਕਾਂਗਰਸ ਇਕੱਠੇ ਆ ਗਏ ਸਨ ਅਤੇ ਅਕਾਲੀਆਂ ਨੇ ਆਪਣੀਆਂ ਵੋਟਾਂ ਕਾਂਗਰਸ ਨੂੰ ਟਰਾਂਸਫਰ ਕਰਵਾ ਦਿੱਤੀਆਂ। ਇਸ ‘ਤੇ ਹਰ ਕਿਸੇ ਦਾ ਆਪਣਾ-ਆਪਣਾ ਵਿਸ਼ਲੇਸ਼ਣ ਹੈ।

ਸਵਾਲ— ਤੁਹਾਡਾ ਆਪਣਾ ਵਿਸ਼ਲੇਸ਼ਣ ਕੀ ਕਹਿੰਦਾ ਹੈ?
ਜਵਾਬ—
ਕੁਝ ਵੱਡੇ ਪੱਧਰ ‘ਤੇ ਗੜਬੜ ਹੋਈ ਹੈ, ਮੈਂ ਕਹਿ ਨਹੀਂ ਸਕਦਾ ਪਰ ਜੋ ਮਾਹੌਲ ਸੀ, ਉਹ ਅਜਿਹਾ ਨਹੀਂ ਸੀ ਕਿ ਆਮ ਆਦਮੀ ਪਾਰਟੀ ਦਾ ਇੰਨਾ ਬੁਰਾ ਹਾਲ ਹੋਵੇ।

ਸਵਾਲ— ਪਾਰਟੀ ਵਿਚ ਚੱਲ ਰਹੀ ਖਿੱਚ-ਧੂਹ ਅਤੇ ਨੀਤੀਆਂ ਕਾਰਨ ਤੁਹਾਡੇ ਕੱਟੜ ਐੱਨ. ਆਰ. ਆਈ. ਸਮਰਥਕ ਨਾਰਾਜ਼ ਹਨ, ਤੁਸੀਂ ਕੀ ਕਰੋਗੇ?
ਜਵਾਬ—
ਜੋ ਲੋਕ ਨਾਰਾਜ਼ ਹਨ ਕੀ ਉਨ੍ਹਾਂ ਨੇ ਮੇਰੇ ਕੰਮ ਨਹੀਂ ਦੇਖੇ। ਆਮ ਆਦਮੀ ਪਾਰਟੀ ਦੇ ਕੰਮਾਂ ਦੇ ਆਧਾਰ ‘ਤੇ ਸਾਡੇ ਬਾਰੇ ਧਾਰਨਾ ਬਣਾਈ ਜਾਵੇ। ਜੇਕਰ ਮੈਂ ਭ੍ਰਿਸ਼ਟਾਚਾਰ ਕਰਾਂ ਤਾਂ ਸੂਲੀ ‘ਤੇ ਟੰਗ ਦਿਓ। ਅਸੀਂ ਕੰਮ ਦੇ ਵਾਅਦੇ ਨਾਲ ਆਏ ਹਾਂ ਅਤੇ ਰੁਕਾਵਟਾਂ ਦੇ ਬਾਵਜੂਦ ਕੰਮ ਕੀਤਾ ਹੈ। ਜੇਕਰ ਮੈਂ ਕਿਸੇ ਦੇ ਮੈਸੇਜ ਦਾ ਜਵਾਬ ਨਾ ਦੇਵਾਂ ਤਾਂ ਨਾਰਾਜ਼ਗੀ ਹੈ। ਜੇਕਰ ਮੈਂ ਸ਼ਰਟ ਅੰਦਰ ਕਰ ਲਵਾਂ ਤਾਂ ਨਾਰਾਜ਼ਗੀ ਹੈ। ਜੇਕਰ ਪਾਰਟੀ ਵਿਚ ਕੁਝ ਹੋ ਰਿਹਾ ਹੈ ਤਾਂ ਨਾਰਾਜ਼ਗੀ ਹੈ। ਸਾਨੂੰ ਆਪਣੇ ਫੈਸਲੇ ਲੈਣ ਦਿੱਤੇ ਜਾਣ, ਸਾਨੂੰ ਫੈਸਲਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਗੁਜਰਾਤ ਵਿਚ ਭਾਜਪਾ 30 ਸਾਲ ਤੋਂ ਸੱਤਾ ਵਿਚ ਹੈ, ਮੱਧ ਪ੍ਰਦੇਸ਼ ਵਿਚ 15 ਸਾਲ ਤੋਂ ਉਨ੍ਹਾਂ ਦਾ ਰਾਜ ਹੈ ਪਰ ਅਸੀਂ ਜੋ ਕੰਮ 3 ਸਾਲ ਵਿਚ ਕੀਤੇ, ਉਹ ਕੰਮ ਇਨ੍ਹਾਂ ਦੋਵਾਂ ਸੂਬਿਆਂ ਵਿਚ ਨਹੀਂ ਹੋਏ।
 


Related News