ਸੜਕ ਹਾਦਸੇ ''ਚ ਔਰਤ ਸਮੇਤ 2 ਦੀ ਮੌਤ, ਦੋ ਜ਼ਖਮੀ

09/18/2018 6:14:40 PM

ਲੋਹੀਆਂ ਖਾਸ (ਮਨਜੀਤ)— ਜਲੰਧਰ-ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਲੋਹੀਆਂ ਤੋਂ ਮਲਸੀਆਂ ਵੱਲ ਨੂੰ ਪਿੰਡ ਫੱਤੂਵਾਲ ਨੇੜੇ ਟਾਟਾ ਸਫਾਰੀ ਅਤੇ ਟ੍ਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ ਦੌਰਾਣ ਇਕ ਔਰਤ ਸਮੇਤ ਦੋ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਮੱਲੀ ਥਾਣਾ ਮੁਖੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਟਰੈਕਟਰ-ਟਰਾਲੀ 'ਚ ਲੱਕੜ ਦੇ ਕਰੇਟ ਲੈ ਕੇ ਮੋਹਣ ਸਿੰਘ ਪੁੱਤਰ ਹਰਬੀਰ ਸਿੰਘ ਵਾਸੀ ਪਿੰਡ ਠੋਲੇਵਾਲ ਜ਼ਿਲਾ ਫਿਰੋਜ਼ਪੁਰ ਨਾਮਕ ਵਿਅਕਤੀ ਫਿਰੋਜ਼ਪੁਰ ਤੋਂ ਨੂਰਮਹਿਲ ਨੂੰ ਜਾ ਰਿਹਾ ਸੀ ਕਿ ਲੋਹੀਆਂ ਨੇੜਲੇ ਪਿੰਡ ਫੱਤੂਵਾਲ ਨੇੜੇ ਟਰੈਕਟਰ ਦਾ ਐਕਸਲ ਟੁੱਟ ਗਿਆ ਅਤੇ ਬੇਕਾਬੂ ਹੋਏ ਟਰੈਕਟਰ-ਟਰਾਲੀ ਦੀ ਸਾਹਮਣੇ ਤੋਂ ਆ ਰਹੀ ਟਾਟਾ ਸਫਾਰੀ ਨਾਲ ਟੱਕਰ ਹੋ ਗਈ। ਇਸ ਦੌਰਾਨ ਸਫਾਰੀ ਪਲਟੀਆਂ ਖਾਂਦੀ ਹੋਈ 25 ਫੁੱਟ ਦੇ ਕਰੀਬ ਦੂਰ ਜਾ ਕੇ ਡਿੱਗੀ।

PunjabKesari

ਇਸ ਹਾਦਸੇ 'ਚ ਮੱਖਣ ਸਿੰਘ ਵਾਸੀ ਪਿੰਡ ਸੱਦੂਵਾਲ ਥਾਣਾ ਸੁਲਤਾਨਪੁਰ ਅਤੇ ਸੁਖਜੀਤ ਕੌਰ ਵਾਸੀ ਜਲੰਧਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਸੁਖਜੀਤ ਕੌਰ ਦਾ ਪਤੀ ਜਸਵੰਤ ਸਿੰਘ ਅਤੇ ਪੁੱਤਰੀ ਹਰਲੀਨ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸੁਲਤਾਨਪੁਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਜਲੰਧਰ ਲਈ ਰੈਫਰ ਕਰ ਦਿੱਤਾ। ਸੂਚਨਾ ਪਾ ਕੇ ਡੱਲਾ ਚੌਂਕੀ ਇੰਚਾਰਜ ਪਰਮਜੀਤ ਸਿੰਘ ਏ. ਐੱਸ. ਆਈ. ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈਣ ਉਪਰੰਤ ਤਫਤੀਸ਼ ਸ਼ੁਰੂ ਕੀਤੀ।


Related News