ਕੀਨੀਆ : ਹਸਪਤਾਲ 'ਚ ਲਿਫਾਫਿਆਂ ਤੇ ਡੱਬਿਆਂ 'ਚੋਂ ਮਿਲੀਆਂ 12 ਨਵ ਜਨਮਿਆਂ ਦੀਆਂ ਲਾਸ਼ਾਂ

09/18/2018 6:03:23 PM

ਨੈਰੋਬੀ— ਕੀਨੀਆ ਦੇ ਇਕ ਹਸਪਤਾਲ 'ਚ ਪਲਾਸਟਿਕ ਦੇ ਲਿਫਾਫਿਆਂ ਤੇ ਡੱਬਿਆਂ 'ਚ 12 ਨਵ ਜਨਮੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਨੈਰੋਬੀ ਦੇ ਗਵਰਨਰ ਮਾਈਕ ਸੋਂਕੋ ਦੇ ਹੁਕਮ 'ਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸੋਂਕੋ ਨੇ ਕਿਹਾ ਕਿ ਸੋਮਵਾਰ ਨੂੰ ਲਾਪਰਵਾਹੀ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਨੇ ਪਮਵਾਨੀ ਮੈਟਰਨਿਟੀ ਹਸਪਤਾਲ ਦਾ ਦੌਰਾ ਕੀਤਾ ਸੀ।

ਬਿਨਾਂ ਕਿਸੇ ਸੂਚਨਾ ਦੇ ਹੋਏ ਇਸ ਦੌਰੇ 'ਚ ਉਨ੍ਹਾਂ ਨੂੰ 12 ਨਵ ਜਨਮੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਮੌਤ ਹਸਪਤਾਲ 'ਚ ਹੋਈ ਸੀ। ਉਨ੍ਹਾਂ ਦੀਆਂ ਲਾਸ਼ਾਂ ਪਲਾਸਟਿਕ ਦੇ ਲਿਫਾਫਿਆਂ ਤੇ ਡੱਬਿਆਂ 'ਚ ਲੁਕਾਈਆਂ ਗਈਆਂ ਸਨ। ਗਵਰਨਰ ਨੇ ਹਸਪਤਾਲ ਪ੍ਰਸ਼ਾਸਨ ਤੋਂ ਪੁੱਛਿਆ ਕਿ ਉਸ ਦਿਨ ਹਸਪਤਾਲ 'ਚ ਕਿੰਨੇ ਬੱਚਿਆਂ ਦੀ ਮੌਤ ਹੋਈ ਸੀ। ਹਸਪਤਾਲ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਉਸ ਦਿਨ ਹਸਪਤਾਲ 'ਚ ਸਿਰਫ ਇਕ ਹੀ ਬੱਚੇ ਦੀ ਮੌਤ ਹੋਈ ਸੀ।

ਜਾਣਕਾਰੀ ਮੁਤਾਬਕ ਸੋਂਕੋ ਨੇ ਹਸਪਤਾਲ ਦੇ ਡਾਇਰੈਕਟਰ ਤੇ ਡਿਊਟੀ 'ਤੇ ਤਾਇਨਾਤ ਮੈਡੀਕਲ ਟੀਮ ਸਣੇ ਕਈ ਸੀਨੀਅਰ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਨੈਰੋਬੀ ਦੇ ਸੈਨੇਟਰ ਜਾਨਸਨ ਸਕਾਜਾ ਨੇ ਟਵੀਟ ਕੀਤਾ ਕਿ ਪਮਵਾਨੀ ਹਸਪਤਾਲ 'ਚ ਹੋਈ ਇਹ ਦੁਖਦ ਘਟਨਾ ਹੋਰ ਦਿਲ ਤੋੜਨ ਵਾਲੀ ਹੈ। ਕਿਸੇ ਵੀ ਪਰਿਵਾਰ ਨੂੰ ਅਜਿਹੇ ਹਸਪਤਾਲ ਨਾ ਦੇਖਣੇ ਪੈਣ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News