ਪੁੱਠੇ ਚੱਕਰਾਂ 'ਚ ਫਸੀ ਪੰਜਾਬ ਪੁਲਸ, ਵਿਦਿਆਰਥਣ ਨੇ ਲਗਾਏ ਗੰਭੀਰ ਦੋਸ਼ (ਵੀਡੀਓ)

09/19/2018 12:06:11 PM

ਅੰਮ੍ਰਿਤਸਰ (ਅਰੁਣ) : ਇਕ ਕਾਲਜ 'ਚ ਲਾਅ ਦੀ ਇਕ ਵਿਦਿਆਰਥਣ  ਨੇ ਚੰਡੀਗੜ੍ਹ ਵਿਖੇ ਤਾਇਨਾਤ ਪੁਲਸ ਦੇ ਇਕ ਏ. ਆਈ. ਜੀ. 'ਤੇ ਗੰਭੀਰ ਦੋਸ਼ ਲਾਉਂਦਿਆਂ ਹੱਕੀ ਇਨਸਾਫ ਦੀ ਮੰਗ ਕੀਤੀ ਹੈ। ਕਮਿਸ਼ਨਰ ਪੁਲਸ ਐੱਸ. ਐੱਸ. ਸ਼੍ਰੀਵਾਸਤਵ ਕੋਲ ਪੁੱਜੀ ਸ਼ਿਕਾਇਤ ਵਿਚ ਉਕਤ ਲੜਕੀ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੁਲਸ ਦਾ ਇਹ ਅਧਿਕਾਰੀ ਜੋ ਅੱਜਕਲ ਚੰਡੀਗੜ੍ਹ ਪਦਉਨਤ ਹੋ ਕੇ ਤਾਇਨਾਤ ਹੋ ਗਿਆ ਹੈ, ਉਸ ਨੂੰ ਜਬਰੀ ਸਰੀਰਕ ਸਬੰਧ ਬਣਾਉਣ ਲਈ ਪ੍ਰੇਸ਼ਾਨ ਕਰ ਰਿਹਾ ਹੈ ਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਉਸ 'ਤੇ ਕੇਸ ਦਰਜ ਕਰਵਾਉਣ ਲਈ ਧਮਕਾ ਰਿਹਾ ਹੈ। ਲਾਅ ਕਰ ਰਹੀ ਉਕਤ ਲੜਕੀ ਜੋ ਵਿਆਹੁਤਾ ਹੈ, ਦਾ ਇਕ 6 ਸਾਲ ਦਾ ਬੱਚਾ ਵੀ ਹੈ।
ਪੀੜਤ ਲੜਕੀ ਵੱਲੋਂ ਰਿਕਾਰਡ ਕੀਤੀ ਫੋਨ ਕਾਲ ਜਿਸ ਵਿਚ ਮਿੰਨਤਾਂ ਕਰਦਿਆਂ ਉਸ ਵੱਲੋਂ ਪੁਲਸ ਅਧਿਕਾਰੀ ਨੂੰ ਕਿਹਾ ਜਾ ਰਿਹਾ ਹੈ ਕਿ ਪਲੀਜ਼ ਡੂ  ਨਾਟ ਡਿਸਟਰਬ ਮਾਈ ਲਾਈਫ, ਨਹੀਂ ਤਾਂ ਮੈਂ ਆਪਣੀ ਜੀਵਨ-ਲੀਲਾ ਖਤਮ ਕਰ ਲਵਾਂਗੀ। ਲੜਕੀ ਵੱਲੋਂ ਇਹ ਵੀ ਵਾਰ-ਵਾਰ ਕਿਹਾ ਗਿਆ ਕਿ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਨਾ ਉਠਾਓ ਤੁਸੀਂ।
ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਲੜਕੀ ਨੇ ਖੁਲਾਸਾ ਕੀਤਾ ਕਿ ਉਕਤ ਅਧਿਕਾਰੀ ਜੋ ਉਸ ਦੇ ਪੇਕੇ ਪਰਿਵਾਰ ਦਾ ਵਾਕਿਫਕਾਰ ਹੈ, ਜੋ 3-4 ਮਹੀਨੇ ਪਹਿਲਾਂ ਜਦੋਂ ਉਹ ਐੱਸ. ਪੀ. ਦੇ ਅਹੁਦੇ 'ਤੇ ਗੁਰਦਾਸਪੁਰ ਤਾਇਨਾਤ ਸੀ, ਨੇ ਵਾਰ-ਵਾਰ ਫੋਨ ਕਰ ਕੇ ਉਸ ਨੂੰ ਮਿਲਣ ਲਈ ਮਜਬੂਰ ਕੀਤਾ ਤੇ ਜਦੋਂ ਉਹ ਉਸ ਨੂੰ ਮਿਲਣ ਲਈ ਗਈ ਤਾਂ ਉਸ ਨੇ ਜ਼ਬਰਦਸਤੀ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।

ਕਿਹੜੀ ਜਾਂਚ ਦੇ ਰੰਗ 'ਚ ਰੰਗੀ ਜਾਵੇਗੀ ਪੁਲਸ ਦੀ ਕਾਰਗੁਜ਼ਾਰੀ
ਹਾਲਾਂਕਿ ਪੀੜਤ ਲੜਕੀ ਵੱਲੋਂ ਦਿੱਤੀ ਗਈ ਸ਼ਿਕਾਇਤ ਨੂੰ ਪੁਲਸ ਦੇ ਉੱਚ ਅਧਿਕਾਰੀ ਗੰਭੀਰਤਾ ਨਾਲ ਜਾਂਚ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਆਪਣੇ ਹੀ ਵਿਭਾਗ ਦੇ ਇਕ ਪੁਲਸ ਅਧਿਕਾਰੀ 'ਤੇ ਲੱਗਣ ਵਾਲੇ ਦੋਸ਼ਾਂ ਦੀ ਲੜੀ ਨੂੰ ਪੁਲਸ ਦੀ ਇਹ ਜਾਂਚ ਕਿਸ ਕਦਰ ਖੁੱਲ੍ਹ ਕੇ ਬੇਪਰਦ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਧਰ ਦੂਸਰੇ ਪਾਸੇ ਪੁਲਸ ਅਧਿਕਾਰੀਆਂ ਦੀਆਂ ਧਮਕੀਆਂ ਤੋਂ ਖੌਫਜ਼ਦਾ ਇਹ ਲੜਕੀ ਜੋ ਖੁਦਕੁਸ਼ੀ ਕਰਨ ਬਾਰੇ ਫੈਸਲਾ ਕਰੀ ਬੈਠੀ ਹੈ, ਪੁਲਸ ਦੇ ਸਹੀ ਫੈਸਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।

ਲੜਕੀ ਦਾ ਗ੍ਰਹਿਸਥੀ ਜੀਵਨ ਬਰਬਾਦ ਹੋਣ ਕਿਨਾਰੇ
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਲੜਕੀ ਨੇ ਦੱਸਿਆ ਕਿ ਉਕਤ ਅਧਿਕਾਰੀ ਵੱਲੋਂ ਉਸ ਨੂੰ ਇਸ ਕਦਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਉਸ ਦਾ ਗ੍ਰਹਿਸਥੀ ਜੀਵਨ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ, ਜੇਕਰ ਉਸ ਨੂੰ ਹੱਕੀ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਵੇਗੀ।


Related News