ਬਿਸਕੁਟ ਖਾਣ ਵਾਲੇ ਸਾਵਧਾਨ! ਬ੍ਰਿਟਾਨੀਆ ਦੇ ਪੈਕੇਟ 'ਚੋਂ ਨਿਕਲਿਆ ਕੀੜਾ

09/18/2018 5:54:46 PM

ਜਲੰਧਰ (ਏਜੰਸੀ)— ਜੇਕਰ ਤੁਸੀਂ ਵੀ ਚਾਹ ਨਾਲ ਬਿਸਕੁਟ ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਬਾਜ਼ਾਰ ਵਿਚ ਹੁਣ ਕੀੜੇ ਵਾਲੇ ਬਿਸਕੁਟ ਮਿਲ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ 'ਚ ਸਾਹਮਣੇ ਆਇਆ ਹੈ, ਜਿੱਥੇ ਮੰਨੀ-ਪ੍ਰਮੰਨੀ ਕੰਪਨੀ ਬ੍ਰਿਟਾਨੀਆ ਦੇ ਬਿਸਕੁਟ ਵਿਚ ਕੀੜਾ ਨਿਕਲਿਆ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਰਹਿਣ ਵਾਲੇ ਰਾਜੀਵ ਓਹਰੀ ਨੇ ਇਕ ਦੁਕਾਨ ਤੋਂ ਬ੍ਰਿਟਾਨੀਆ 50 50 ਬਿਸਕੁਟ ਦਾ ਪੈਕੇਟ ਖਰੀਦਿਆ ਸੀ। ਉਨ੍ਹਾਂ ਦੀ ਬੇਟੀ ਨੇ ਜਿਵੇਂ ਹੀ ਪੈਕੇਟ ਖੋਲ੍ਹਿਆ ਤਾਂ ਬਿਸਕੁਟ ਵਿਚ ਕੀੜਾ ਨਜ਼ਰ ਆਇਆ। ਚੰਗੀ ਗੱਲ ਇਹ ਰਹੀ ਕਿ ਰਾਜੀਵ ਦੀ ਬੇਟੀ ਨੇ ਉਹ ਬਿਸਕੁਟ ਨਹੀਂ ਖਾਧਾ, ਨਹੀਂ ਤਾਂ ਉਸ ਦੀ ਸਿਹਤ ਖਰਾਬ ਹੋ ਸਕਦੀ ਸੀ। 

PunjabKesari

ਰਾਜੀਵ ਮੁਤਾਬਕ ਉਹ ਪਹਿਲਾਂ ਵੀ ਬ੍ਰਿਟਾਨੀਆ ਦੇ ਬਿਸਕੁਟ ਖਰੀਦਦੇ ਰਹੇ ਹਨ ਪਰ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਸਾਹਮਣੇ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬ੍ਰਿਟਾਨੀਆ ਇਕ ਵੱਡਾ ਬ੍ਰਾਂਡ ਹੈ, ਜਿਸ ਵਜ੍ਹਾ ਕਰ ਕੇ ਉਹ ਆਪਣੇ ਬੱਚਿਆਂ ਨੂੰ ਇਸ ਦੇ ਬਿਸਕੁਟ ਬਿਨਾਂ ਜਾਂਚ-ਪੜਤਾਲ ਦੇ ਖਾਣ ਦਿੰਦੇ ਹਨ। ਰਾਜੀਵ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਅਤੇ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਬਿਸਕੁਟ 'ਚ ਕੀੜਾ ਸਾਫ ਨਜ਼ਰ ਆ ਰਿਹਾ ਹੈ। ਇੱਥੇ ਦੱਸ ਦੇਈਏ ਕਿ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਪਾਰਲੇ ਜੀ ਬਿਸਕੁਟ ਦੇ ਪੈਕੇਟ ਵਿਚ ਵੀ ਕੀੜਾ ਮਿਲਣ ਦੀ ਸ਼ਿਕਾਇਤ ਆਈ ਸੀ।


Related News