ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰਾਂ ''ਚ ਖੱਜਲ-ਖੁਆਰੀ ਹੋਵੇਗੀ ਖਤਮ

09/18/2018 5:22:34 PM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰਾਂ 'ਚ ਹੁਣ ਵਿਦਿਆਰਥੀਆਂ ਅਤੇ ਸਕੂਲ ਮੁਖੀਆਂ ਨੂੰ ਆਪਣੇ ਜਾਇਜ਼ ਕੰਮਾਂ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਬੋਰਡ ਵਲੋਂ ਦਫਤਰਾਂ 'ਚ ਨਿਰਧਾਰਿਤ ਸਮੇਂ 'ਤੇ ਕੰਮ ਕਰਨ ਲਈ ਜਿੱਥੇ ਅਧਿਕਾਰੀਆਂ ਨੂੰ ਜਵਾਬਦੇਹ ਕੀਤਾ ਜਾ ਰਿਹਾ ਹੈ, ਉਥੇ ਹੀ ਮੋਹਾਲੀ ਬੋਰਡ ਦੇ ਦਫਤਰ 'ਚ ਵਿਦਿਆਰਥੀਆਂ ਲਈ ਖੋਲੀ ਗਈ 'ਸਿੰਗਲ ਵਿੰਡੋ' ਨੂੰ ਹੋਰ ਬਿਹਤਰ ਕਰਨ ਲਈ ਅਪਡੇਟ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਮਾਨਤਾ ਪ੍ਰਾਪਤ ਅਤੇ ਐਫੀਲੇਟਿਡ ਸਕੂਲਜ਼ ਐਸੋਸੀਏਸ਼ਨ ਰਾਸਾਂ ਦੇ ਸੂਬਾ ਜਨਰਲ ਸਕੱਤਰ ਪੰਡਿਤ ਕੁਲਵੰਤ ਰਾਏ ਸ਼ਰਮਾ ਦੀ ਅਗਵਾਈ 'ਚ ਦਿੱਤੀ ਹੈ। ਬੋਰਡ ਦੇ ਵਾਈਸ ਚੇਅਰਮੈਨ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਭਲਾਈ ਦੇ ਲਈ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਿਸ਼ੇਸ਼ ਸਕੀਮਾਂ ਅਮਲ 'ਚ ਲਿਆਂਦੀਆਂ ਜਾ ਰਹੀਆਂ ਹਨ। ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਾਨਤਾ ਪ੍ਰਾਪਤ, ਐਫੀਲੇਟਿਡ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਸੂਬੇ 'ਚੋਂ ਨਕਲ ਦੇ ਕੋਹੜ ਨੂੰ ਖਤਮ ਕਰਨ ਲਈ ਬੋਰਡ ਵਲੋਂ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।


Related News