ਰੋਹਿੰਗਿਆ ਮੁਸਲਮਾਨਾਂ ਦਾ ਸਹਾਰਾ ਬਣੇ ਬੰਗਲਾਦੇਸ਼ ਹੁਣ ਕਰ ਰਿਹੈ ਇਹ ਕੰਮ

09/18/2018 5:02:45 PM

ਢਾਕਾ (ਭਾਸ਼ਾ)— ਬੰਗਲਾਦੇਸ਼ ਅਗਲੇ ਮਹੀਨੇ ਤੋਂ ਇਕ ਲੱਖ ਰੋਹਿੰਗਿਆ ਸ਼ਰਨਾਰਥੀਆਂ ਨੂੰ ਦੂਰ-ਦੁਹਾਡੇ ਇਕ ਟਾਪੂ  'ਚ ਭੇਜਣਾ ਸ਼ੁਰੂ ਕਰ ਦੇਵੇਗਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ 3 ਅਕਤੂਬਰ ਨੂੰ ਇਸ ਟਾਪੂ 'ਤੇ ਬੇਘਰ ਰੋਹਿੰਗਿਆ ਮੁਸਲਮਾਨਾਂ ਲਈ ਨਵੇਂ ਸਥਾਪਤ ਆਸ਼ਰਮ ਕੇਂਦਰਾਂ ਨੂੰ ਅਧਿਕਾਰਤ ਰੂਪ ਨਾਲ ਖੋਲ੍ਹਣ ਵਾਲੀ ਹੈ। ਇਹ ਟਾਪੂ ਬੰਗਾਲ ਦੀ ਖਾੜੀ ਵਿਚ ਸਥਿਤ ਹੈ। 

ਜ਼ਿਕਰਯੋਗ ਹੈ ਕਿ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਉਹ ਲੋਕ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਮਿਆਂਮਾਰ ਦੀ ਸਰਹੱਦ ਕੋਲ ਸਥਿਤ ਟਾਪੂ 'ਤੇ ਜੂਨ ਤੋਂ ਸ਼ਰਨਾਰਥੀਆਂ ਨੂੰ ਭੇਜੇਗਾ ਪਰ ਅਜਿਹਾ ਨਹੀਂ ਹੋਇਆ। ਹੁਣ ਜਲ ਸੈਨਾ ਨੇ ਇਕ ਲੱਖ ਸ਼ਰਨਾਰਥੀਆਂ ਲਈ ਆਸ਼ਰਮ ਕੇਂਦਰਾਂ ਦਾ ਨਿਰਮਾਣ ਕੰਮ ਤੇਜ਼ ਕਰ ਦਿੱਤਾ ਹੈ ਅਤੇ ਪ੍ਰਾਜੈਕਟ ਦਾ ਕਰੀਬ ਤਿੰਨ-ਚੌਥਾਈ ਹਿੱਸਾ ਪੂਰਾ ਹੋ ਗਿਆ ਹੈ। ਅਧਿਕਾਰੀ ਹਬੀਬੁਲ ਕਬੀਰ ਚੌਧਰੀ ਨੇ ਦੱਸਿਆ ਕਿ ਸ਼ੁਰੂਆਤ ਵਿਚ 50 ਤੋਂ 60 ਰੋਹਿੰਗਿਆ ਪਰਿਵਾਰਾਂ ਨੂੰ ਅਗਲੇ ਮਹੀਨੇ ਤੋਂ ਪਹਿਲੇ ਪੜਾਅ ਤਹਿਤ ਉੱਥੇ ਲਿਜਾਇਆ ਜਾਵੇਗਾ। 

ਇੱਥੇ ਦੱਸ ਦੇਈਏ ਕਿ ਬੀਤੇ ਸਾਲ ਅਗਸਤ ਮਹੀਨੇ ਵਿਚ ਮਿਆਂਮਾਰ ਫੌਜ ਦੀ ਹਿੰਸਕ ਕਾਰਵਾਈ ਕਾਰਨ ਤਕਰੀਬਨ 7 ਲੱਖ ਰੋਹਿੰਗਿਆ ਮੁਸਲਮਾਨ ਦੌੜ ਕੇ ਬੰਗਲਾਦੇਸ਼ ਚੱਲੇ ਗਏ ਸਨ। ਰੋਹਿੰਗਿਆ ਇੱਥੇ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਹਨ, ਇਨ੍ਹਾਂ ਕੈਂਪਾਂ ਵਿਚ ਵੀ ਉਹ ਚੈਨ ਨਾਲ ਨਹੀਂ ਰਹਿ ਰਹੇ। ਹੜ੍ਹ, ਕੁਦਰਤੀ ਆਫਤਾਂ ਕਾਰਨ ਉਨ੍ਹਾਂ ਨੂੰ ਦੋ-ਚਾਰ ਹੋਣਾ ਪੈਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਰਨਾਰਥੀ ਕੈਂਪਾਂ 'ਚ ਛੱਡ ਕੇ ਹੋਰ ਕਿਤੇ ਜਾ ਵੀ ਨਹੀਂ ਸਕਦੇ। ਜ਼ਿਲੇ ਕਾਕਸ ਬਾਜ਼ਾਰ ਵਿਚ ਬਣੇ ਕੈਂਪਾਂ ਵਿਚ ਉਹ ਭੀੜ-ਭਾੜ ਵਾਲੀ ਥਾਂ 'ਤੇ ਰਹਿ ਰਹੇ ਹਨ, ਜਿੱਥੇ ਉਨ੍ਹਾਂ ਨੂੰ ਭਿਆਨਕ ਬੀਮਾਰੀਆਂ ਹੋ ਰਹੀਆਂ ਹਨ। ਆਫਤ ਪ੍ਰਬੰਧਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਪੂਰਨ ਤੌਰ 'ਤੇ ਮਨੁੱਖੀ ਮਦਦ ਯਕੀਨੀ ਬਣਾਉਣ ਲਈ ਅਸੀਂ ਇਨ੍ਹਾਂ ਨੂੰ ਟਾਪੂ 'ਚ ਭੇਜ ਰਹੇ ਹਾਂ।


Related News