ਰੋਜ਼ਾਨਾ ਗੰਦੇ ਨਾਲੇ ''ਚ ਅਜਾਈਂ ਜਾ ਰਿਹੈ 10 ਲੱਖ ਲਿਟਰ ਸਾਫ ਪਾਣੀ

09/18/2018 4:21:42 PM

ਸਮਾਣਾ(ਦਰਦ)— ਜਨਤਾ ਵੱਲੋਂ ਭਰੇ ਟੈਕਸਾਂ ਦਾ ਪੈਸਾ ਅਧਿਕਾਰੀਆਂ ਅਤੇ ਸੱਤਾਧਾਰੀ ਨੇਤਾਵਾਂ ਦੀ ਅਣਦੇਖੀ ਅਤੇ ਲਾਪ੍ਰਵਾਹੀ ਕਾਰਨ ਕਿਸ ਪ੍ਰਕਾਰ ਬਰਬਾਦ ਹੋ ਰਿਹਾ ਹੈ, ਇਸ ਦੀ ਇਕ ਉਦਹਾਰਨ ਹੈ ਸਮਾਣਾ ਸ਼ਹਿਰ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ। ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ ਕਰ ਕੇ ਉਸ ਨੂੰ ਵਰਤਣਯੋਗ ਬਣਾਉਣ ਲਈ 9 ਕਰੋੜ ਰੁਪਏ ਦੀ ਲਾਗਤ ਨਾਲ 12 ਸਾਲ ਪਹਿਲਾਂ ਬਣਾਏ ਗਏ 10 ਐੈੱਮ. ਐੈੱਲ. ਡੀ. ਪਾਵਰ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ 'ਤੇ ਲੱਖਾਂ ਰੁਪਏ ਹਰ ਮਹੀਨੇ ਖਰਚਣ ਦੇ ਬਾਵਜੂਦ ਸਾਫ ਕੀਤਾ ਪਾਣੀ ਅਜਾਈਂ ਹੀ ਗੰਦੇ ਨਾਲੇ ਵਿਚ ਜਾ ਰਿਹਾ ਹੈ।

ਸੀਵਰੇਜ ਦੇ ਗੰਦੇ ਪਾਣੀ ਕਾਰਨ ਫੈਲ ਰਹੀਆਂ ਕਈ ਬੀਮਾਰੀਆਂ ਦੀ ਰਿਪੋਰਟ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੁਕਮਾਂ ਤੋਂ ਬਾਅਦ ਸੀਵਰੇਜ ਦੇ ਪਾਣੀ ਨੂੰ ਸਾਫ ਕਰਨ ਲਈ ਬਣੀ ਇਕ ਯੋਜਨਾ ਤਹਿਤ 2006 ਵਿਚ ਸਮਾਣਾ ਸ਼ਹਿਰ ਵਿਚ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਕੀਤਾ ਗਿਆ। ਭਵਾਨੀਗੜ੍ਹ ਰੋਡ 'ਤੇ ਬਣਾਏ ਗਏ ਇਸ ਪਲਾਂਟ ਦੇ ਮੇਨਟੀਨੈਂਸ ਲਈ ਕਰੀਬ 2.50 ਲੱਖ ਰੁਪਏ ਹਰ ਮਹੀਨੇ ਖਰਚਣ ਤੋਂ ਇਲਾਵਾ ਬਿਜਲੀ ਬਿੱਲ ਵਜੋਂ ਕਰੀਬ 2 ਲੱਖ ਰੁਪਏ ਹਰ ਮਹੀਨੇ ਖਰਚਣ ਦੇ ਬਾਵਜੂਦ ਅਜੇ ਤੱਕ ਇਹ ਪਲਾਂਟ 'ਸਫੈਦ ਹਾਥੀ' ਸਾਬਤ ਹੋ ਰਿਹਾ ਹੈ। ਇਸ ਤੋਂ ਹਰ ਰੋਜ਼ ਸਾਫ ਕੀਤਾ ਗਿਆ ਲਗਭਗ 10 ਲੱਖ ਲਿਟਰ ਪਾਣੀ ਫਿਰ ਤੋਂ ਗੰਦੇ ਨਾਲੇ ਵਿਚ ਬਰਬਾਦ ਕੀਤਾ ਜਾ ਰਿਹਾ ਹੈ। ਇਸ ਵਿਚੋਂ 1 ਲਿਟਰ ਪਾਣੀ ਵੀ ਨਹੀਂ ਵਰਤਿਆ ਜਾ ਰਿਹਾ।

ਸੂਤਰਾਂ ਅਨੁਸਾਰ 12 ਸਾਲ ਪਹਿਲਾਂ ਟ੍ਰੀਟਮੈਂਟ ਪਲਾਂਟ ਨਿਰਮਾਣ ਕਰਨ ਸਮੇਂ ਇਸ ਦਾ ਪਾਣੀ ਉਥੇ ਨੇੜੇ ਖੇਤੀਬਾੜੀ ਲਈ ਵਰਤਣ ਅਤੇ ਵਣ ਵਿਭਾਗ ਦੀ ਜ਼ਮੀਨ ਨੂੰ ਦੇਣ ਦੀ ਯੋਜਨਾ ਬਣਾਈ ਗਈ ਸੀ। ਪੁਰਾਣੇ ਸਰਕਾਰੀ ਖਾਲ ਅਤੇ ਵਣ ਵਿਭਾਗ ਦੀ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹੋ ਜਾਣ ਕਾਰਨ ਉਕਤ ਯੋਜਨਾ ਬਣੀ-ਬਣਾਈ ਰਹਿ ਗਈ। ਲਗਭਗ 2-3 ਸਾਲ ਪਹਿਲਾਂ ਸਾਇਲ ਅਤੇ ਵਾਟਰ ਕੰਜਰਵੇਸ਼ਨ ਵਿਭਾਗ ਵੱਲੋਂ ਇਸ ਬਰਬਾਦ ਹੋ ਰਹੇ ਲੱਖਾਂ ਲਿਟਰ ਪਾਣੀ ਨੂੰ ਵਰਤਣ ਲਈ 3 ਕਰੋੜ ਰੁਪਏ ਦੀ ਇਕ ਯੋਜਨਾ ਤਹਿਤ ਸਮਾਣਾ ਅਤੇ ਨਾਲ ਜੁੜੇ ਪਿੰਡ ਸਹਿਜਪੁਰਾ ਦੇ 100 ਕਿਸਾਨਾਂ ਦੀ 1000 ਏਕੜ ਜ਼ਮੀਨ ਦੇ ਵਰਤਣ ਲਈ ਇਸ ਟ੍ਰੀਟ ਕੀਤੇ ਪਾਣੀ ਨੂੰ ਦੇਣ ਲਈ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਾਈਪ ਲਾਈਨ ਵਿਛਾਉਣ ਦੇ ਬਾਵਜੂਦ ਇਕ ਸਾਲ ਟਰਾਇਲ ਵਜੋਂ ਲੰਘ ਜਾਣ ਤੋਂ ਬਾਅਦ ਵੀ ਸਾਫ ਕੀਤਾ ਪਾਣੀ 10 ਲੱਖ ਲਿਟਰ ਹਰ ਰੋਜ਼ ਗੰਦੇ ਨਾਲੇ ਵਿਚ ਚਲਾ ਜਾਂਦਾ ਹੈ।

ਹੁਣ ਕੀਮਤੀ ਪਾਣੀ ਨੂੰ ਨਹੀਂ ਹੋਣ ਦਿਆਂਗੇ ਬਰਬਾਦ : ਐੈੱਸ. ਡੀ. ਓ. ਰਵਿੰਦਰ ਗਿੱਲ—
ਇਸ ਸਬੰਧੀ ਪ੍ਰਦੂਸ਼ਨ ਕੰਟਰੋਲ ਬੋਰਡ ਵਿਭਾਗ ਅਧਿਕਾਰੀਆਂ ਸਾਫ ਕੀਤੇ ਸੀਵਰੇਜ ਪਾਣੀ ਨੂੰ ਲੰਮੇ ਸਮੇਂ ਤੋਂ  ਬਰਬਾਦ  ਹੋਣ 'ਤੇ ਅਫਸੋਸ ਜ਼ਾਹਿਰ ਕਰਦਿਆਂ ਹੁਣ ਗੇਂਦ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਪਾਲੇ ਵਿਚ ਦੱਸੀ। ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਐੈੱਸ. ਡੀ. ਓ. ਰਵਿੰਦਰ ਗਿੱਲ ਨੇ ਇਕ ਸਾਲ ਪਹਿਲਾਂ ਖੇਤੀ ਲਈ ਪਾਈਪ ਵਿਛਾਉਣ ਬਾਰੇ ਪੁਸ਼ਟੀ ਕਰਦਿਆਂ ਦੱਸਿਆ ਟਰਾਇਲ ਸਮੇਂ ਕੁੱਝ ਲੀਕੇਜ ਆਉਣ ਅਤੇ ਬਾਅਦ ਵਿਚ ਪੁਲੀ ਬਣਾਉਂਦੇ ਸਮੇਂ ਵਿਭਾਗ ਦੀ ਪਾਈਪ ਟੁੱਟ ਜਾਣ ਦਾ ਕਾਰਨ ਕੰਮ ਵਿਚ ਦੇਰੀ ਦੱਸਿਆ। ਉਨ੍ਹਾਂ ਭਰੋਸਾ  ਦੁਆਇਆ ਕਿ ਹੁਣ ਇਸ ਕੀਮਤੀ ਪਾਣੀ ਨੂੰ ਅਜਾਈਂ ਗੰਦੇ ਨਾਲੇ ਵਿਚ ਨਹੀਂ ਜਾਣ ਦਿੱਤਾ ਜਾਵੇਗਾ। ਕਣਕ ਦੀ ਬੀਜਾਈ ਸਮੇਂ ਪਾਈਪ ਲਾਈਨ ਚਾਲੂ ਕਰ ਕੇ ਖੇਤਾਂ ਨੂੰ ਸੀਵਰੇਜ ਪਲਾਂਟ ਵੱਲੋਂ ਸਾਫ ਕੀਤਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।


Related News