7 ਕਰੋੜ ਦੀ ਲੁੱਟ ਦਾ ਮਾਮਲਾ : ਸੁਨਿਆਰਿਆਂ ਨਾਲ ਧਰਨੇ 'ਤੇ ਬੈਠੇ ਐੱਮ.ਪੀ. ਔਜਲਾ (ਵੀਡੀਓ)

09/18/2018 4:15:59 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਸੋਨੇ ਦੀ ਮਾਰਕਿਟ ਗੁਰੂ ਬਾਜ਼ਾਰ 'ਚ ਹੋਈ ਲੁੱਟ ਤੋਂ ਬਾਅਦ ਦੁਕਾਨਦਾਰਾਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ 'ਚ ਉਨ੍ਹਾਂ ਨਾਲ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੀ ਮੌਜੂਦ ਸਨ। ਇਸ ਦੌਰਾਨ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣੀਆਂ ਦੁਕਾਨਾਂ ਬੰਦ ਰੱਖਣਗੇ। ਇਸ ਮੌਕੇ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਸ਼ਹਿਰ ਵਿਚ ਕੁਝ ਪੁਲਸ ਅਧਿਕਾਰੀ ਗਲਤ ਅਨਸਰਾਂ ਨਾਲ ਮਿਲ ਕੇ ਅਮਨ ਸ਼ਾਂਤੀ ਭੰਗ ਕਰ ਰਹੇ ਹਨ। ਉਕਤ ਮੁੱਦੇ ਸਬੰਧੀ ਉਹ ਜਲਦ ਹੀ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਬੰਧਤ ਪੁਲਸ ਅਧਿਕਾਰੀਆਂ ਦੇ ਨਾਂ ਦੱਸ ਕੇ ਉਨ੍ਹਾਂ ਵਲੋਂ ਆਮ ਜਨਤਾ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਸਬੰਧੀ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਅੱਤਵਾਦ ਦੌਰਾਨ ਬੇਹੱਦ ਵਧੀਆਂ ਭੂਮਿਕਾ ਨਿਭਾ ਕੇ ਸੂਬੇ ਵਿਚ ਅਮਨ ਸ਼ਾਂਤੀ ਕਾਇਮ ਕੀਤੀ ਸੀ ਪਰ ਹੁਣ ਅੰਮ੍ਰਿਤਸਰ ਵਿਚ ਕੁਝ ਪੁਲਸ ਅਧਿਕਾਰੀਆਂ ਦੀ ਗਲਤ ਕਾਰਵਾਈਆਂ ਕਾਰਨ ਪੁਲਸ ਦਾ ਨਾਂ ਬਦਨਾਮ ਹੋ ਰਿਹਾ ਹੈ। ਉਹ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਣਗੇ ਅਤੇ ਹਰ ਮੈਦਾਨ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਇਸ ਦੌਰਾਨ ਧਰਨੇ ਵਿਚ ਔਜਲਾ ਨੇ ਸਵਰਨਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨਾਲ ਹਨ ਅਤੇ ਇਨਸਾਫ ਦਿਵਾ ਕੇ ਹੀ ਰਹਿਣਗੇ।

 


Related News