ਪਾਕਿ : ਕਰੰਟ ਲੱਗਣ ਨਾਲ 1 ਅਧਿਆਪਕ ਤੇ 3 ਵਿਦਿਆਰਥੀਆਂ ਦੀ ਮੌਤ

09/18/2018 3:51:59 PM

ਪੇਸ਼ਾਵਰ (ਭਾਸ਼ਾ)— ਪੇਸ਼ਾਵਰ ਦੇ ਖੈਬਰ ਪਖਤੂਨਖਵਾ ਸੂਬੇ ਦੇ ਇਕ ਸਕੂਲ ਵਿਚ ਮੰਗਲਵਾਰ ਦੀ ਸਵੇਰ ਕਰੰਟ ਲੱਗਣ ਨਾਲ ਇਕ ਅਧਿਆਪਕ ਅਤੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਇਕ ਸਮਾਚਾਰ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਦੁਰਘਟਨਾ ਉਸ ਸਮੇਂ ਹੋਈ ਜਦੋਂ ਵਿਦਿਆਰਥੀ ਸਵੇਰ ਦੀ ਦੁਆ ਸਮੇਂ ਕੌਮੀ ਝੰਡਾ ਲਹਿਰਾ ਰਹੇ ਸਨ। ਇਸ ਦੌਰਾਨ ਲੋਹੇ ਦੀ ਪਾਈਪ ਬਿਜਲੀ ਦੇ ਤਾਰ ਦੇ ਸੰਪਰਕ ਵਿਚ ਆ ਗਈ, ਜਿਸ ਨਾਲ ਹਾਦਸਾ ਵਾਪਰ ਗਿਆ। ਜਿਸ ਦੇ ਨਤੀਜੇ ਵਜੋਂ ਇਕ ਅਧਿਆਪਕ ਸਮੇਤ 3 ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਵਿਦਿਆਰਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਕ ਹੋਰ ਅਧਿਆਪਕ ਅਤੇ ਇਕ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਮਰਨ ਵਾਲੇ ਵਿਦਿਆਰਥੀ ਕ੍ਰਮਵਾਰ ਚੌਥੀ, 5ਵੀਂ ਅਤੇ 8ਵੀਂ ਕਲਾਸ ਦੇ ਸਨ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉੱਧਰ ਸੁਰੱਖਿਆ ਕਾਰਨਾਂ ਕਾਰਨ ਹਾਦਸੇ ਮਗਰੋਂ ਸਕੂਲ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ।


Related News