ਮਾਨਸੂਨ 2018 : ਕੁਝ ਇਲਾਕਿਆਂ ''ਚ ਹੜ੍ਹਾਂ ਦੀ ਮਾਰ ਤੇ ਕਿਤੇ 40 ਫੀਸਦੀ ਤੋਂ ਘੱਟ ਹੋਈ ਬਾਰਿਸ਼

09/18/2018 3:39:40 PM

ਨਵੀਂ ਦਿੱਲੀ — ਇਸ ਸਾਲ ਅਗਸਤ ਅਤੇ ਸਤੰਬਰ ਦੇ ਤੀਜੇ ਹਫਤੇ ਤੱਕ ਦੱਖਣੀ ਪੱਛਮੀ ਮਾਨਸੂਨ ਦੀ ਭਾਰੀ ਬਾਰਿਸ਼ ਦੇ ਬਾਵਜੂਦ ਦੇਸ਼ ਦੇ ਲਗਭਗ 40 ਫੀਸਦੀ ਜ਼ਿਲਿਆਂ ਵਿਚ ਸੋਕੇ ਵਰਗੀ ਸਥਿਤੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਦਾ ਸਪੱਸ਼ਟ ਕਾਰਨ ਮਾਨਸੂਨ ਦਾ ਗੈਰ-ਸੰਘਣਾ ਹੋਣਾ ਅਤੇ ਦੇਸ਼ ਦੇ ਇਲਾਕਿਆਂ ਵਿਚ ਬਾਰਿਸ਼ ਦੀ ਬੇਤਰਤੀਬੀ ਵੰਡ ਹੈ। ਮੌਸਮ ਵਿਭਾਗ ਦੇ ਮਾਨਸੂਨ ਸੰਬੰਧੀ ਅੰਕੜਿਆਂ ਅਨੁਸਾਰ ਅਸਗਤ ਦੇ ਆਖਰੀ ਦੋ ਹਫਤੇ ਅਤੇ ਸਤੰਬਰ ਦੇ ਪਹਿਲੇ ਹਫਤੇ 'ਚ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕੇਰਲ, ਅਸਮ ਅਤੇ ਗੁਜਰਾਤ ਦੇ ਕੁਝ ਇਲਾਕਿਆਂ ਵਿਚ ਭਾਰੀ ਬਾਰਿਸ਼ ਕਾਰਨ ਇਕ ਪਾਸੇ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਗਈ ਅਤੇ ਦੂਜੇ ਪਾਸੇ ਇਸੇ ਮਿਆਦ ਵਿਚ ਬਾਰਿਸ਼ ਦੀ ਕਮੀ ਕਾਰਨ ਦੇਸ਼ ਦੇ 641 ਜ਼ਿਲਿਆਂ ਵਿਚੋਂ 254 ਜ਼ਿਲਿਆਂ ਵਿਚ (39.6 ਫੀਸਦੀ) ਆਮ ਤੋਂ ਕਾਫੀ ਘੱਟ ਬਾਰਿਸ਼ ਹੋਈ ਹੈ। ਇਹ ਜ਼ਿਲੇ ਝਾਰਖੰਡ, ਅਰੁਣਾਚਲ ਪ੍ਰਦੇਸ਼, ਅਸਮ, ਮੇਘਾਲਿਆ, ਬਿਹਾਰ, ਪੱਛਮੀ ਰਾਜਸਥਾਨ, ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਦੇ ਹਨ।

ਖੇਤੀਬਾੜੀ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ

ਖੇਤੀਬਾੜੀ ਮੰਤਰਾਲੇ ਦੇ ਮਿਆਰਾਂ ਅਨੁਸਾਰ ਜੇਕਰ ਇਹ ਅੰਕੜਾ 40 ਫੀਸਦੀ ਦੇ ਪੱਧਰ ਨੂੰ ਪਾਰ ਕਰ ਜਾਂਦਾ ਹੈ ਤਾਂ ਇਸ ਸਾਲ ਨੂੰ ਘੱਟ ਬਾਰਿਸ਼ ਵਾਲਾ ਸਾਲ ਕਰਾਰ ਦਿੱਤਾ ਜਾਵੇਗਾ। ਕੌਮੀ ਪੱਧਰ 'ਤੇ 16 ਸਤੰਬਰ ਨੂੰ ਮੀਂਹ ਦੀ ਘਾਟ ਦਾ ਪੱਧਰ ਜੂਨ ਵਿਚ 5 ਫੀਸਦੀ ਤੋਂ ਵਧ ਕੇ 16 ਸਤੰਬਰ ਨੂੰ 9 ਫੀਸਦੀ 'ਤੇ ਪਹੁੰਚ ਗਿਆ ਹੈ। ਬੀਤੀ ਇਕ ਜੂਨ ਤੋਂ 16 ਸਤੰਬਰ ਤੱਕ ਦੀ ਮਿਆਦ 'ਚ ਪੂਰੇ ਦੇਸ਼ 'ਚ ਬਾਰਿਸ਼ ਦੇ ਆਮ ਪੱਧਰ(819.7 ਮਿ.ਮੀ.) ਦੀ ਤੁਲਨਾ 'ਚ 743.8 ਮਿ.ਮੀ. ਦਰਜ ਕੀਤਾ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਅਜੇ ਮਾਨਸੂਨ ਦੀ ਵਾਪਸੀ ਸ਼ੁਰੂ ਹੋਣ 'ਚ ਇਕ ਹਫਤੇ ਤੋਂ ਜ਼ਿਆਦਾ ਸਮਾਂ ਲੱਗਣ ਦੀ ਸੰਭਾਵਨਾ ਜ਼ਾਹਰ ਕਰਦੇ ਹੋਏ ਬਾਰਿਸ਼ ਦੀ ਕਮੀ ਦੇ ਪੱਧਰ 'ਚ ਸੁਧਾਰ ਦੀ ਉਮੀਦ ਜ਼ਾਹਰ ਕੀਤੀ ਹੈ। 

ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 19 ਤੋਂ 24 ਸਤੰਬਰ ਤੱਕ ਪੂਰਬੀ ਸੂਬਿਆਂ , ਪੱਛਮੀ ਬੰਗਾਲ, ਓਡੀਸ਼ਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਬਾਰਿਸ਼ ਦਾ ਇਕ ਹੋਰ ਦੌਰ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਪੱਛਮੀ ਮਾਨਸੂਨ ਦੀ ਮਿਆਦ 'ਚ ਵਾਧੇ ਕਾਰਨ ਹੋਣ ਵਾਲੀ ਬਾਰਿਸ਼ ਕਾਰਨ ਕੌਮੀ ਪੱਧਰ 'ਤੇ ਬਾਰਿਸ਼ ਦੀ ਕਮੀ ਦੇ ਅੰਕੜਿਆਂ 'ਚ ਸੁਧਾਰ ਦੀ ਉਮੀਦ ਹੈ।


Related News