ਚੋਣ ਅਧਿਕਾਰੀ ਦੇ ਆਵਾਜ਼ਾਂ ਮਾਰਨ ''ਤੇ ਵੀ ਨਾ ਬਹੁੜੇ ਕਰਮਚਾਰੀ ਤਾਂ...

09/18/2018 3:34:36 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਸਮਿਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਅੱਜ ਸਥਾਨਕ ਸ੍ਰੀ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੋਣ ਡਿਊਟੀਆਂ ਲਾਉਣ ਲਈ ਸਮੂਹ ਕਰਮਚਾਰੀਆਂ ਦਾ ਇਕੱਠ ਰੱਖਿਆ ਹੋਇਆ ਸੀ ਪਰ ਚੋਣ ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ ਉਸ ਸਮੇਂ ਪਰੇਸ਼ਾਨ ਹੋ ਗਈ, ਜਦੋਂ ਉਨ੍ਹਾਂ ਵਲੋਂ ਵਾਰ-ਵਾਰ ਮਾਈਕ 'ਤੇ ਆਵਾਜ਼ਾਂ ਦੇਣ ਦੇ ਬਾਵਜੂਦ ਵੀ ਕਈ ਕਰਮਚਾਰੀ ਆਪਣੀ ਚੋਣ ਡਿਊਟੀ ਸੰਭਾਲਣ ਲਈ ਨਾ ਆਏ ਅਤੇ ਅਖੀਰ 'ਚ ਉਨ੍ਹਾਂ ਨੇ ਥਾਣਾ ਮੁਖੀ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਵੀ ਮੁਲਾਜ਼ਮ ਗੈਰ-ਹਾਜ਼ਰ ਹਨ ਉਨ੍ਹਾਂ 'ਤੇ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾਵੇ।

ਮਾਛੀਵਾੜਾ ਬਲਾਕ ਦੇ 117 ਪਿੰਡਾਂ ਲਈ 127 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਹਰੇਕ ਬੂਥ 'ਤੇ ਘੱਟੋ-ਘੱਟ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ 4 ਸਰਕਾਰੀ ਕਰਮਚਾਰੀ ਨਿਯੁਕਤ ਕੀਤੇ ਗਏ ਹਨ। ਚੋਣ ਡਿਊਟੀ ਸੰਭਾਲਣ ਵਾਲੇ ਜ਼ਿਆਦਾਤਰ ਅਧਿਆਪਕ ਵਰਗ ਨਾਲ ਸਬੰਧਿਤ ਸਨ ਅਤੇ ਅੱਜ ਜਦੋਂ ਸਵੇਰ ਤੋਂ ਹੀ ਚੋਣ ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ ਨੇ ਇਨ੍ਹਾਂ ਚੋਣਾਂ 'ਚ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਮਾਈਕ 'ਤੇ ਅਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਕਈ ਅਧਿਆਪਕ ਜਾਣ-ਬੁੱਝ ਕੇ ਅਵੇਸਲੇ ਹੋ ਕੇ ਬੈਠੇ ਰਹੇ ਕਿ ਸ਼ਾਇਦ ਉਹ ਡਿਊਟੀ ਦੇਣ ਤੋਂ ਬਚ ਜਾਣ ਅਤੇ ਜੋ ਰਿਜ਼ਰਵ ਸਟਾਫ਼ ਰੱਖਿਆ ਹੈ, ਉਨ੍ਹਾਂ ਨੂੰ ਡਿਊਟੀ ਸੰਭਾਲੀ ਜਾ ਸਕੇ।

ਹੱਦ ਤਾਂ ਉਦੋਂ ਹੋ ਗਈ, ਜਦੋਂ ਦੁਪਹਿਰ ਤੱਕ ਚੋਣ ਡਿਊਟੀ 'ਚ ਲੱਗੇ ਕਰਮਚਾਰੀਆਂ ਦੀ ਗਿਣਤੀ ਕੀਤੀ ਗਈ ਤਾਂ 100 ਤੋਂ ਵੱਧ ਅਧਿਆਪਕ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ। ਐਨੀ ਗੈਰ-ਹਾਜ਼ਰੀ ਤੋਂ ਭੜਕੀ ਚੋਣ ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ ਨੇ ਮਾਈਕ ਤੋਂ ਹੀ ਚਿਤਾਵਨੀ ਦੇ ਦਿੱਤੀ ਕਿ ਜਿਹੜੇ ਵੀ ਕਰਮਚਾਰੀ ਚੋਣ ਡਿਊਟੀ ਕਰਨ ਲਈ ਨਹੀਂ ਆਏ, ਉਨ੍ਹਾਂ ਖਿਲਾਫ਼ ਮਾਛੀਵਾੜਾ ਪੁਲਸ ਥਾਣਾ 'ਚ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਦੀ ਤਨਖਾਹ ਰੋਕਣ ਦੀ ਪ੍ਰਕਿਰਿਆ ਵੀ ਆਰੰਭ ਕਰ ਦਿੱਤੀ ਜਾਵੇਗੀ।


Related News