ਲਿੰਗ ਜਾਂਚ ਦੇ 6 ਦਿਨਾਂ ਬਾਅਦ ਡਾ. ਕੰਗ ਖਿਲਾਫ ਅਪਰਾਧਕ ਮਾਮਲਾ ਦਰਜ

09/18/2018 2:51:35 PM

ਜਲੰਧਰ— ਲਿੰਗ ਜਾਂਚ ਮਾਮਲੇ 'ਚ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸੋਮਵਾਰ ਨੂੰ ਆਖਿਰਕਾਰ ਅਦਾਲਤ 'ਚ ਕੇਸ ਦਰਜ ਕਰਵਾ ਦਿੱਤਾ। ਭੋਗਪੁਰ ਦੇ ਬਾਘਾ ਹਸਪਤਾਲ 'ਚ 11 ਸਤੰਬਰ ਨੂੰ ਲਿੰਗ ਜਾਂਚ ਕਰਨ ਵਾਲੇ ਡਾ. ਐੱਚ. ਐੱਸ. ਕੰਗ ਖਿਲਾਫ ਸਿਵਲ ਸਰਜਨ ਨੇ 6 ਦਿਨਾਂ ਬਾਅਦ ਕਾਰਵਾਈ ਕੀਤੀ। 11 ਸਤੰਬਰ ਸ਼ਾਮ ਨੂੰ ਅੰਬਾਲਾ ਟੀਮ ਦੇ ਨਾਲ ਆਈ ਗਰਭਵਤੀ ਮਹਿਲਾ ਅਤੇ ਸ਼ੈਡੋ ਵਿਟਨੈੱਸ ਦੇ ਬਿਆਨ ਦਰਜ ਕਰ ਲਏ ਗਏ ਸਨ। ਸਿਵਲ ਸਰਜਨ ਨੇ ਦੱਸਿਆ ਕਿ ਬਿਆਨਾਂ ਅਤੇ ਅੰਬਾਲਾ ਟੀਮ ਦੀ ਕਾਰਵਾਈ ਦੇ ਆਧਾਰ 'ਤੇ ਸੀ. ਜੇ. ਐੱਮ. ਆਸ਼ੀਸ਼ ਅਬਰੋਲ ਦੀ ਅਦਾਲਤ 'ਚ ਪੀ. ਐੱਨ. ਡੀ. ਟੀ. ਐਕਟ ਦੇ ਤਹਿਤ ਅਪਰਾਧਕ ਕੇਸ ਦਰਜ ਕਰਵਾਇਆ ਹੈ। 

ਡਾ. ਜਸਪ੍ਰੀਤ ਨੇ ਦੱਸਿਆ ਕਿ ਕੇਸ ਦੀ ਅਗਲੀ ਤਰੀਕ 1 ਅਕਤਬੂਰ ਹੈ। ਪੀ. ਸੀ. ਪੀ. ਐੱਨ. ਡੀ. ਟੀ. (ਪ੍ਰੀ ਕਾਨਸੈਪਸ਼ਨ ਐਂਡ ਪ੍ਰੀ ਨੈਟਲ ਡਾਇਗਨੋਸਟਿਕ ਟੈਕਨੀਕਸ) ਐਕਟ 1994 ਦੇ ਤਹਿਤ ਲਿੰਗ ਜਾਂਚ ਕਰਨ ਵਾਲੇ ਡਾਕਟਰ ਨੂੰ ਇਕ ਹਫਤੇ 'ਚ ਸਾਡੇ ਨੋਟਿਸ ਦਾ ਜਵਾਬ ਦੇਣਾ ਹੁੰਦਾ ਹੈ। ਫਿਲਹਾਲ ਅਜੇ ਤੱਕ ਬਾਘਾ ਹਸਪਤਾਲ ਦੇ ਮਾਲਕ ਅਤੇ ਗਾਇਨਕਾਲੋਜਿਸਟ ਡਾ. ਐੱਚ. ਐੱਸ. ਕੰਗ ਨੇ ਕੋਈ ਉੱਤਰ ਨਹੀਂ ਭੇਜਿਆ ਹੈ। ਫਿਲਹਾਲ ਅਸੀਂ ਇੰਤਜ਼ਾਰ ਕਰਾਂਗੇ। ਜੇਕਰ ਉਨ੍ਹਾਂ ਨੇ ਇਕ ਹਫਤੇ 'ਚ ਉੱਤਰ ਨਾ ਦਿੱਤਾ ਤਾਂ ਉਨ੍ਹਾਂ ਦੇ ਹਸਪਤਾਲ ਜਾ ਕੇ ਸਕੈਨਿੰਗ ਸੈਂਟਰ ਦੀ ਸੀਲ ਖੋਲ੍ਹਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ। ਜੇਕਰ ਉਹ ਆਉਂਦੇ ਹਨ ਤਾਂ ਉਨ੍ਹਾਂ ਦੀ ਮੌਜੂਦਗੀ 'ਚ ਸਾਰੀ ਜਾਂਚ ਹੋਵੇਗੀ। ਅਸੀਂ ਭੋਗਪੁਰ ਤੋਂ ਬਾਅਦ ਪਠਾਨਕੋਟ ਬਾਈਪਾਸ ਸਥਿਤ ਸਕੈਨਿੰਗ ਸੈਂਟਰ ਨੂੰ ਵੀ ਸੀਲ ਕਰ ਦਿੱਤਾ ਹੈ। 

ਦੱਸਣਯੋਗ ਹੈ ਕਿ 11 ਸਤੰਬਰ ਨੂੰ ਹਰਿਆਣਾ ਸਿਹਤ ਵਿਭਾਗ ਦੀ ਟੀਮ ਨੇ ਭੋਗਪੁਰ 'ਚ ਲਿੰਗ ਜਾਂਚ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਰਾਤ ਦੋ ਵਜੇ ਮਹਿਲਾ ਦਲਾਲ ਅਤੇ ਬਾਘਾ ਹਸਪਤਾਲ ਦੇ ਮਾਲਕ 'ਤੇ ਕੇਸ ਦਰਜ ਕਰ ਲਿਆ ਸੀ। ਜਲੰਧਰ 'ਚ ਕਾਰਵਾਈ ਦੇ ਨਾਂ 'ਤੇ ਸਿਰਫ ਸੈਂਟਰ ਸੀਲ ਕੀਤਾ ਗਿਆ ਸੀ। ਦਬਾਅ ਵੱਧਣ 'ਤੇ ਚਾਰ ਦਿਨ ਬਾਅਦ ਦੋਸ਼ੀ ਡਾਕਟਰ ਦਾ ਦੂਜਾ ਸੈਂਟਰ ਸੀਲ ਕੀਤਾ ਗਿਆ। ਕਰੀਬ ਇਕ ਹਫਤੇ ਤੋਂ ਬਾਅਦ ਡਾ. ਜਸਪ੍ਰੀਤ ਕੌਰ ਨੇ ਇਸ ਮਾਮਲੇ 'ਚ ਅਪਰਾਧਕ ਮਾਮਲਾ ਦਰਜ ਕਰਵਾਇਆ ਹੈ।


Related News