ਸੰਗਰੂਰ: ਅਧਿਆਪਕਾਂ ਦੀ ਘਾਟ ਕਾਰਨ ਪਿੰਡ ਵਾਸੀਆਂ ਨੇ ਸਕੂਲ ਨੂੰ ਲਾਇਆ ਜਿੰਦਰਾ

09/18/2018 2:17:13 PM

ਸੰਗਰੂਰ(ਬਿਊਰੋ)— ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ ਵਿਚ ਅਧਿਆਪਕਾਂ ਦੀ ਘਾਟ ਦਾ ਵਿਰੋਧ ਕਰਦੇ ਹੋਏ, 3 ਪਿੰਡਾਂ ਦੇ ਲੋਕਾਂ ਨੇ ਸੋਮਵਾਰ ਨੂੰ ਸਕੂਲ ਦੀ ਇਮਾਰਤ ਨੂੰ ਜਿੰਦਰਾ ਲਗਾ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਕੂਲ ਨੂੰ 13 ਸਤੰਬਰ ਨੂੰ ਬੰਦ ਕਰ ਦਿੱਤਾ ਸੀ। ਸਕੂਲ ਵਿਚ ਅਧਿਆਪਕਾਂ ਦੀਆਂ 5 ਅਸਾਮੀਆਂ ਖਾਲ੍ਹੀ ਪਈਆਂ ਹੋਈਆ ਹਨ, ਜਿਸ ਨਾਲ 112 ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।

ਇਸ ਤੋਂ ਪਹਿਲਾਂ ਸਕੂਲ ਵਿਚ 3 ਅਧਿਆਪਕ ਸਨ, ਜਿਨ੍ਹਾਂ ਨੂੰ 2 ਮਹੀਨੇ ਪਹਿਲਾਂ ਹੀ ਟਰਾਂਸਫਰ ਕੀਤਾ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਲਗਾ ਦਿੱਤਾ ਅਤੇ ਵਿਦਿਆਰਥੀ ਵੀ ਲੋਕਾਂ ਦੇ ਸਮਰਥਨ ਵਿਚ ਸਕੂਲ ਦੇ ਬਾਹਰ ਸੜਕ 'ਤੇ ਬੈਠ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਦੇ ਹਲ ਲਈ ਕਈ ਵਾਰ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਨੂੰ ਵੀ ਮਿੱਲ ਚੁੱਕੇ ਹਨ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਲਈ ਅਸੀਂ ਅੱਜ ਸਕੂਲ ਨੂੰ ਦੁਬਾਰਾ ਜਿੰਦਰਾ ਲਗਾ ਦਿੱਤਾ ਹੈ। ਲਹਿਰਾਗਾਗਾ ਦੇ ਬਲਾਕ ਸਕੱਤਰ ਗੁਰਚਰਨ ਸਿੰਘ ਨੇ ਕਿਹਾ ਕਿ ਜੇਕਰ ਅਧਿਕਾਰੀ ਲੋੜੀਂਦੇ ਅਧਿਆਪਕਾਂ ਦੀ ਗਿਣਤੀ ਪੂਰੀ ਕਰਨ ਵਿਚ ਅਸਫਲ ਹੁੰਦੀ ਹੈ ਤਾਂ ਅਸੀਂ ਇਸ ਨੂੰ ਹਮੇਸ਼ਾ ਲਈ ਬੰਦ ਕਰ ਦੇਵਾਂਗੇ।

ਕੁੱਝ ਵਿਦਿਆਰਥੀਆਂ ਨੇ ਕਿਹਾ ਕਿ ਸਕੂਲ ਵਿਚ ਇੰਗਲਿੰਸ਼, ਪੰਜਾਬੀ, ਇਤਿਹਾਸ, ਸਰੀਰਿਕ ਸਿੱਖਿਆ ਅਤੇ ਅਰਥ ਸ਼ਾਸਤਰ ਦੀਆਂ 5 ਪੋਸਟਾਂ ਖਾਲ੍ਹੀ ਪਈਆਂ ਹੋਈਆਂ ਹਨ। ਸਕੂਲ ਵਿਚ 461 ਵਿਦਿਆਰਥੀ ਹਨ, ਜਿਨ੍ਹਾਂ ਵਿਚੋਂ 112 ਸੀਨੀਅਰ ਸੈਕੰਡਰੀ ਕਲਾਸਾਂ ਵਿਚ ਪੜ੍ਹਦੇ ਹਨ। ਪਿੰਡ ਵਾਸੀਆਂ ਵਲੋਂ ਸਕੂਲ ਨੂੰ ਜਿੰਦਰਾ ਲਗਾਏ ਜਾਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਲੋੜੀਂਦੇ ਅਧਿਆਪਕਾਂ ਦੀਆਂ ਪੋਸਟਾਂ ਜਲਦੀ ਤੋਂ ਜਲਦੀ ਭਰਨ ਦਾ ਲੋਕਾਂ ਨੂੰ ਭਰੋਸਾ ਦੇ ਕੇ ਗੇਟ ਖੁੱਲਵਾਇਆ ਅਤੇ ਉਨ੍ਹਾਂ ਨੂੰ ਚੋਣਾਂ ਦੇ ਖਤਮ ਹੋਣ ਤੱਕ ਉਡੀਕ ਕਰਨ ਲਈ ਕਿਹਾ ਹੈ।


Related News