ਗੁ. ਬਾਬਾ ਤੇਜਾ ਸਿੰਘ ਜੀ ਪਿੰਡ ਮੂਸੇ ਵਿਖੇ ਮਨਾਇਆ ਗਿਆ ਸਲਾਨਾ ਜੋੜ ਮੇਲਾ

09/18/2018 2:04:11 PM

ਝਬਾਲ/ਬੀੜ ਸਾਹਿਬ ,(ਲਾਲੂਘੁੰਮਣ, ਬਖਤਾਵਰ)—ਪਿੰਡ ਮੂਸੇ ਕਲਾਂ ਸਥਿਤ ਗੁਰਦੁਆਰਾ ਬਾਬਾ ਤੇਜਾ ਸਿੰਘ ਜੀ ਵਿਖੇ ਸੱਚਖੰਡ ਵਾਸੀ ਬਾਬਾ ਪਿਆਰਾ ਸਿੰਘ ਜੀ ਦੀ ਯਾਦ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਤੇਜਾ ਸਿੰਘ ਨੌਜਵਾਨ ਸਭਾ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਮਨਾਇਆ ਗਿਆ। ਇਸ ਮੌਕੇ ਬਾਬਾ ਜੀ ਦੀ ਪਵਿੱਤਰ ਯਾਦ 'ਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣ ਉਪਰੰਤ ਖੁਲੇ ਪੰਡਾਲ 'ਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਭਾਰੀ ਦੀਵਾਨ ਸਜਾਏ ਗਏ ਜਿੱਥੇ ਪੰਥ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਈ ਦਲਬੀਰ ਸਿੰਘ ਗਿੱਲ ਜੌੜ ਸਾਹਿਬ ਵਾਲਿਆਂ ਦੇ ਕਵਿਸ਼ਰੀ ਜਥੇ ਅਤੇ ਭਾਈ ਗੁਰਿੰਦਰ ਸਿੰਘ ਮੂਸੇ ਵਾਲਿਆਂ ਦੇ ਢਾਡੀ ਜਥੇ ਵੱਲੋਂ ਬੀਰ ਰਸ ਵਾਰਾਂ ਅਤੇ ਕਵਿਸ਼ਰੀ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ 'ਚ ਪੁੱਜੇ ਕਾਰਸੇਵਾ ਬੀੜ ਸਾਹਿਬ ਵਾਲੇ ਬਾਬਾ ਸੋਹਨ ਸਿੰਘ, ਬਾਬਾ ਬਲਜੀਤ ਸਿੰਘ ਪਟਵਾਰੀ ਗੰਡੀਵਿੰਡ, ਬਾਬਾ ਫਤਿਹ ਸਿੰਘ ਭੂਰੀ ਵਾਲੇ, ਭਾਈ ਮਨੋਹਰ ਸਿੰਘ ਠੱਠਾ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਨੂੰ ਸੈਕਟਰੀ ਬਾਬਾ ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਮੂਸੇ, ਮਨਬੀਰ ਸਿੰਘ ਮੂਸੇ, ਗੁਰਲਾਲ ਸਿੰਘ ਮੂਸੇ, ਵਿਰਸਾ ਸਿੰਘ ਮੂਸੇ ਅਤੇ ਜਤਿੰਦਰ ਸਿੰਘ ਮੂਸੇ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਸ਼ਮੀਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਗੁਰਿੰਦਰ ਸਿੰਘ ਡੀ. ਸੀ. ਮਨਜਿੰਦਰ ਸਿੰਘ, ਤਸਬੀਰ ਸਿੰਘ, ਭਾਲਾ ਸਿੰਘ, ਸਾਬਕਾ ਸਰਪੰਚ ਪਰਮਿੰਦਰ ਸਿੰਘ ਅਤੇ ਕਾਰਜ ਸਿੰਘ ਆਦਿ ਹਾਜ਼ਰ ਸਨ। ਦੀਵਾਨਾਂ ਦੀ ਸਮਾਪਤੀ ਉਪਰੰਤ ਸ਼ਾਮ ਨੂੰ ਅੰਤਰਰਾਸ਼ਟਰੀ ਕਬੱਡੀ ਟੀਮਾਂ ਵਿਚਾਲੇ ਦਿੱਲਖਿੱਚ ਮੁਕਾਬਲੇ ਵੀ ਕਰਾਏ ਗਏ ਅਤੇ ਅਵੱਲ ਆਉਣ ਵਾਲੇ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਤਕਸ਼ੀਮ ਵੀ ਕੀਤੇ ਗਏ। ਸੈਕਟਰੀ ਬਾਬਾ ਸੁਰਜੀਤ ਸਿੰਘ ਮੂਸੇ ਨੇ ਦੱਸਿਆ 25 ਅਕਤੂਬਰ ਨੂੰ ਪਿੰਡ ਮੂਸੇ ਖੁਰਦ ਸਥਿਤ ਗੁਰਦੁਆਰਾ ਗੁਰਮਤਾ ਸਾਹਿਬ ਵਿਖੇ ਰਾਤ ਨੂੰ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ, ਜਿੱਥੇ ਮਹਾਨ ਕਥਾਵਾਚਕ ਭਾਈ ਜਸਵੰਤ ਸਿੰਘ ਪਰਵਾਨਾ ਸੰਗਤਾਂ ਨੂੰ ਕਥਾ ਵਿਖਿਆਨ ਕਰਕੇ ਨਿਹਾਲ ਕਰਨਗੇ। 26 ਅਕਤੂਬਰ ਨੂੰ ਭਾਰੀ ਦੀਵਾਨ ਸਜਾਏ ਜਾਣਗੇ ਜਿਥੇ ਉੱਚ ਕੋਟੀ ਦੇ ਕਵੀਸ਼ਰੀ ਅਤੇ ਢਾਡੀ ਜਥੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਨ ਕਰਾ ਕਿ ਨਿਹਾਲ ਕਰਨਗੇ ਅਤੇ ਸ਼ਾਮ ਨੂੰ ਅੰਤਰਰਾਸ਼ਟਰੀ ਕਬੱਡੀ ਟੀਮਾ ਵਿਚਾਲੇ ਕਬੱਡੀ ਦੇ ਮੁਕਾਬਲੇ ਵੀ ਹੋਣਗੇ। 
 


Related News