''ਚੋਣਾਂ ''ਚ ਅਧਿਆਪਕਾਂ ਦੀਆਂ ਡਿਊਟੀਆਂ ਵੱਡੀ ਪੱਧਰ ''ਤੇ ਨਾ ਲਾਈਆਂ ਜਾਣ''

09/18/2018 1:07:22 PM

ਫ਼ਰੀਦਕੋਟ (ਹਾਲੀ)—ਸਾਂਝਾ ਅਧਿਆਪਕ ਮੋਰਚਾ, ਫ਼ਰੀਦਕੋਟ ਨੇ ਜ਼ਿਲਾ ਪ੍ਰਸ਼ਾਸਨ  ਵੱਲੋਂ 19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਵੱਡੀ ਪੱਧਰ 'ਤੇ ਲਾਉਣ ਦਾ ਫੈਸਲਾ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਸੰਜੀਦਗੀ 'ਤੇ ਪ੍ਰਸ਼ਨ ਚਿੰਨ੍ਹ ਲਾਉਣ ਵਾਲਾ ਕਰਾਰ ਦਿੱਤਾ ਹੈ। 

ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਸੁੱਖੀ, ਪ੍ਰੇਮ ਚਾਵਲਾ, ਸਰਬਜੀਤ ਸਿੰਘ, ਮੁਖਤਿਆਰ ਸਿੰਘ ਮੱਤਾ, ਗੁਰਪ੍ਰੀਤ ਸਿੰਘ ਰੰਧਾਵਾ, ਸੁਖਦਰਸ਼ਨ ਸਿੰਘ, ਪ੍ਰੀਤ ਭਗਵਾਨ ਸਿੰਘ, ਗੁਰਪ੍ਰੀਤ ਸਿੰਘ ਰੂਪਰਾ ਅਤੇ ਗਗਨ ਪਹਾਵਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਵੱਡੀ ਪੱਧਰ 'ਤੇ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਲਾਉਣ ਸਮੇਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਅੱਖੋਂ-ਪਰੋਖੇ ਕੀਤਾ ਹੈ। ਇਸ ਤੋਂ ਇਲਾਵਾ ਡਿਊਟੀਆਂ ਲਾਉਣ ਸਮੇਂ ਕਰਾਨਿਕ ਬੀਮਾਰੀ ਤੋਂ ਪੀੜਤ ਅਧਿਆਪਕਾਂ, ਅੰਗਹੀਣ ਅਧਿਆਪਕਾਂ,  ਕਪਲ ਕੇਸਾਂ ਆਦਿ ਦਾ ਧਿਆਨ ਨਹੀਂ ਰੱਖਿਆ। 

ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਲੱਗਣ ਕਾਰਨ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਪ੍ਰਸੂਤਾ ਛੁੱਟੀ 'ਤੇ ਚੱਲ ਰਹੀਆਂ ਇਸਤਰੀ ਅਧਿਆਪਕਾਂ ਨੂੰ ਚੋਣ ਰਿਹਰਸਲ ਵਿਚ ਹਾਜ਼ਰ ਨਾ ਹੋਣ  ਕਰ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। 

ਅਧਿਆਪਕ ਆਗੂਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਾਰੇ ਯੋਗ ਕੇਸਾਂ ਪ੍ਰਤੀ ਹਮਦਰਦੀ ਦਾ ਵਤੀਰਾ ਅਖਤਿਆਰ ਕਰਦੇ ਹੋਏ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ ਅਤੇ ਪੰਚਾਇਤੀ ਚੋਣਾਂ ਸਮੇਂ ਘੱਟ ਤੋਂ ਘੱਟ ਅਧਿਆਪਕਾਂ ਦੀ ਚੋਣ ਡਿਊਟੀ ਲਾਈ ਜਾਵੇ। ਇਸ ਸਮੇਂ ਹਰਬਰਿੰਦਰ ਸਿੰਘ ਸੇਖੋਂ, ਪ੍ਰਦੁਮਣ ਸਿੰਘ, ਰੇਸ਼ਮ ਸਿੰਘ ਸਰਾਂ, ਨਿਰਮਲ ਸਿੰਘ, ਹਰਮੰਦਰ ਸਿੰਘ, ਗੁਰਮੀਤ ਸਿੰਘ ਲੈਕਚਰਾਰ, ਕਮਲਦੀਪ ਸਿੰਘ ਆਦਿ ਹਾਜ਼ਰ ਸਨ।


Related News